ਕਰੋੜਾਂ ਦੀ ਲੁੱਟ ਮਗਰੋਂ ‘ਡਾਕੂ ਹਸੀਨਾ’ ਤੇ ਪਤੀ ਕਿਉਂ ਗਏ ਸ੍ਰੀ ਹੇਮਕੁੰਟ ਸਾਹਿਬ

ਲੁਧਿਆਣਾ : ਲੁਧਿਆਣਾ ਵਿਚ ਸੀ. ਐੱਮ. ਐੱਸ. ਕੰਪਨੀ ਵਿਚ 8.49 ਕਰੋੜ ਰੁਪਏ ਦੀ ਲੁੱਟ ਦੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਘਟਨਾ ਦੀ ਮਾਸਟਰ ਮਾਈਂਡ ਮਨਦੀਪ ਕੌਰ ਉਰਫ ਡਾਕੂ ਹਸੀਨਾ ਨੂੰ ਆਖਿਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਗ੍ਰਿਫ਼ਤਾਰੀ ਨੂੰ ਲੈ ਕੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੱਧੂ ਨੇ ਖ਼ੁਲਾਸਾ ਕੀਤਾ ਕਿ 8.49 ਕਰੋੜ ਦੀ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਤੇ ਉਸਦਾ ਪਤੀ ਜਸਵਿੰਦਰ ਸਿੰਘ ਸ੍ਰੀ ਹੇਮਕੁੰਟ ਸਾਹਿਬ ਕਿਉਂ ਗਏ ਸਨ। ਪੁਲਸ ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਮਨਦੀਪ ਉਰਫ ਮੋਨਾ ਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਉੱਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ’ਚ ਸ਼ਾਮਲ ਸਾਰੇ ਮੁਲਜ਼ਮਾਂ ਨੇ ਸੁੱਖ ਸੁੱਖੀ ਸੀ ਕਿ ਜੇ ਲੁੱਟ ਦੀ ਵਾਰਦਾਤ ’ਚ ਕਾਮਯਾਬ ਹੋ ਗਏ ਤਾਂ ਸਾਰੇ ਸ਼ੁਕਰਾਨੇ ਦੀ ਸੁੱਖ ਲਾਹੁਣ ਲਈ ਕੇਦਾਰਨਾਥ, ਸ੍ਰੀ ਹੇਮਕੁੰਟ ਸਾਹਿਬ ਤੇ ਹਰਿਦੁਆਰ ਜਾਣਗੇ ।

ਵਾਰਦਾਤ ’ਚ ਕਾਮਯਾਬ ਹੋਣ ਤੋਂ ਬਾਅਦ ਮਨਦੀਪ ਤੇ ਜਸਵਿੰਦਰ ਸ੍ਰੀ ਹੇਮਕੁੰਟ ਸਾਹਿਬ ਵਿਖੇ ਆਪਣੀ ਸੁੱਖ ਲਾਹੁਣ ਗਏ ਸਨ। ਇਹ ਦੋਵੇਂ ਸ਼ੁਕਰਾਨੇ ਦੀ ਸੁੱਖ ਲਾਹੁਣ ਗਏ ਸਨ ਪਰ ਉਥੇ ਪਹੁੰਚਣ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਮੈਸੇਜ ਮਿਲ ਗਿਆ ਕਿ ਇਨ੍ਹਾਂ ਦੇ ਕੁਝ ਸਾਥੀ ਗ੍ਰਿਫ਼ਤਾਰ ਹੋ ਗਏ ਹਨ, ਫਿਰ ਇਨ੍ਹਾਂ ਨੇ ਹੇਮਕੁੰਟ ਸਾਹਿਬ ਜਾ ਕੇ ਮੱਥਾ ਟੇਕਿਆ। ਪੁਲਸ ਕਮਿਸ਼ਨਰ ਨੇ ਦੋਵਾਂ ਦੀ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਵਾਲੀ ਫੋਟੋ ਵੀ ਪ੍ਰੈੱਸ ਕਾਨਫਰੰਸ ’ਚ ਦਿਖਾਈ। ਇਨ੍ਹਾਂ ਦੋਵਾਂ ਨੇ ਫਿਰ ਸ਼ੁਕਰਾਨੇ ਦੀ ਬਜਾਏ ਮੱਥਾ ਭੁੱਲ ਬਖ਼ਸ਼ਾਉਣ ਲਈ ਟੇਕਿਆ। ਉਨ੍ਹਾਂ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ 2 ਮਾਡਿਊਲ ਬਣਾਏ ਗਏ ਸਨ, ਪੰਜ ਜਣੇ ਕਾਰ ਵਿਚ ਸਨ ਤੇ ਉਸ ਮਾਡਿਊਲ ਨੂੰ ਮਨਦੀਪ ਉਰਫ ਮੋਨਾ ਤੇ ਦੂਜੇ ਮਾਡਿਊਲ ਨੂੰ ਚਾਰ ਸਾਲ ਤੋਂ ਸੀ. ਐੱਸ. ਕੰਪਨੀ ’ਚ ਪੱਕਾ ਕਰਮਚਾਰੀ  ਮਨਜਿੰਦਰ ਉਰਫ ਮਨੀ ਲੀਡ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਲੁੱਟ ਦੀ ਵਾਰਦਾਤ ’ਚ ਅਰੁਣ ਕੋਚ, ਨੰਨੀ ਤੇ ਗੋਪਾ ਅਜੇ ਵੀ ਪੁਲਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ। ਵਾਰਦਾਤ ਵਾਲੇ ਦਿਨ ਗੋਪਾ ਇਨ੍ਹਾਂ ਨੂੰ ਕਾਰ ’ਚੋਂ ਉਤਾਰ ਕੇ ਫਰਾਰ ਹੋ ਗਿਆ ਸੀ।

Add a Comment

Your email address will not be published. Required fields are marked *