ਬੋਪੰਨਾ-ਇਬਡੇਨ ਦੀ ਜੋੜੀ ਆਸਟ੍ਰੇਲੀਅਨ ਓਪਨ ਦੇ ਤੀਜੇ ਦੌਰ ‘ਚ ਪਹੁੰਚੀ
ਮੈਲਬੋਰਨ– ਭਾਰਤ ਦੇ ਰੋਹਨ ਬੋਪੰਨਾ ਤੇ ਆਸਟ੍ਰੇਲੀਆ ਦੇ ਮੈਥਿਊ ਇਬਡੇਨ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੂੰ ਸ਼ੁੱਕਰਵਾਰ ਨੂੰ ਇੱਥੇ ਆਸਟ੍ਰੇਲੀਅਨ ਓਪਨ ਦੇ ਪੁਰਸ਼ ਡਬਲਜ਼ ਦੇ ਤੀਜੇ ਦੌਰ ਵਿਚ ਪਹੁੰਚਣ ਲਈ ਬਿਲਕੁਲ ਵੀ ਪਸੀਨਾ ਨਹੀਂ ਵਹਾਉਣਾ ਪਿਆ। ਬੋਪੰਨਾ ਤੇ ਇਬਡੇਨ ਦੀ ਜੋੜੀ ਨੇ ਜਾਨ ਮਿਲਮੈਨ ਤੇ ਐਡਵਰਡ ਵਿੰਟਰ ਦੀ ਸਥਾਨਕ ਵਾਈਲਡਕਾਰਡ ਜੋੜੀ ਨੂੰ ਇਕ ਘੰਟੇ ਤੋਂ ਥੋੜ੍ਹਾ ਜ਼ਿਆਦਾ ਸਮੇਂ ਤਕ ਚੱਲੇ ਦੂਜੇ ਦੌਰ ਦੇ ਮੈਚ ਵਿਚ 6-2, 6-4 ਨਾਲ ਹਰਾਇਆ। ਹੁਣ ਤੀਜੇ ਦੌਰ ਵਿਚ ਇਸ ਜੋੜੀ ਦੀ ਟੱਕਰ ਨੀਦਰਲੈਂਡ ਦੇ ਵੇਸਲੇ ਕੂਲਹੋਫ ਤੇ ਕ੍ਰੋਏਸ਼ੀਆ ਦੇ ਨਿਕੋਲਾ ਮੇਕਟਿਚ ਦੀ 14ਵਾਂ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗੀ।
ਇਸ ਤੋਂ ਪਹਿਲਾਂ ਇਕ ਹੋਰ ਭਾਰਤੀ ਸ਼੍ਰੀਰਾਮ ਬਾਲਾਜੀ ਨੇ ਰੋਮਾਨੀਆਈ ਜੋੜੀਦਾਰ ਵਿਕਟਰ ਵਲਾਡ ਕੋਰਨੀਆ ਦੇ ਨਾਲ ਮਿਲ ਕੇ ਪੁਰਸ਼ ਡਬਲਜ਼ ਦੇ ਦੂਜੇ ਦੌਰ ਵਿਚ ਜਗ੍ਹਾ ਬਣਾਈ। ਉਨ੍ਹਾਂ ਨੇ ਇਟਲੀ ਦੇ ਮਾਤੇਓ ਅਰਨਾਲਡੀ ਤੇ ਆਂਦ੍ਰਿਯਾ ਪੇਲੇਗ੍ਰਿਨੋ ਨੂੰ 6-3,6-4 ਨਾਲ ਹਰਾਇਆ। ਸੈਸ਼ਨ ਦੇ ਪਹਿਲੇ ਗ੍ਰੈਂਡ ਸਲੈਮ ਵਿਚ ਭਾਰਤ ਦੀ ਸਿੰਗਲਜ਼ ਚੁਣੌਤੀ ਵੀਰਵਾਰ ਨੂੰ ਸੁਮਿਤ ਨਾਗਲ ਦੇ ਦੂਜੇ ਦੌਰ ਵਿਚ ਚੀਨ ਦੇ ਜੁਨਚੇਂਗ ਸ਼ਾਂਗ ਤੋਂ ਮਿਲੀ ਹਾਰ ਨਾਲ ਖਤਮ ਹੋ ਗਈ ਸੀ।

