ਵਿਰਾਟ ਕੋਹਲੀ ਨੇ ਭਾਰਤ-ਆਸਟ੍ਰੇਲੀਆ ਸੀਰੀਜ਼ ਤੋਂ ਪਹਿਲਾਂ ਕੀਤਾ ਸਖ਼ਤ ਅਭਿਆਸ

ਮੋਹਾਲੀ— ਭਾਵੇਂ ਉਹ ਤੇਜ਼ ਗੇਂਦਬਾਜ਼ਾਂ ‘ਤੇ ਪੁਲ ਸ਼ਾਟ ਲਗਾਉਣਾ ਹੋਵੇ ਜਾਂ ਫਿਰ ਸਪਿਨਰਾਂ ਦੇ ਸਾਹਮਣੇ ਅੱਗੇ ਵੱਧ ਕੇ ਖੇਡਣਾ ਹੋਵੇ, ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਤੋਂ ਪਹਿਲਾਂ ਐਤਵਾਰ ਨੂੰ ਇੱਥੇ ਜੰਮ ਕੇ ਅਭਿਆਸ ਕੀਤਾ ਅਤੇ ਆਪਣੇ ਇਰਾਦੇ ਵੀ ਸਪੱਸ਼ਟ ਕਰ ਦਿੱਤੇ। ਕੋਹਲੀ ਨੈੱਟ ‘ਤੇ ਅਭਿਆਸ ਕਰਨ ਵਾਲੇ ਪਹਿਲੇ ਬੱਲੇਬਾਜ਼ਾਂ ਵਿੱਚੋਂ ਇੱਕ ਸੀ। 

ਉਸ ਦਾ ਪੂਰਾ ਧਿਆਨ ਸ਼ਾਰਟ ਪਿੱਚ ਗੇਂਦਾਂ ਖੇਡਣ ‘ਤੇ ਸੀ। ਉਸ ਨੇ 45 ਮਿੰਟ ਦੇ ਸੈਸ਼ਨ ਵਿੱਚ ਕਈ ਵਧਦੀਆਂ ਗੇਂਦਾਂ ਦਾ ਸਾਹਮਣਾ ਕੀਤਾ। ਕੋਹਲੀ ਨੇ ਏਸ਼ੀਆ ਕੱਪ ‘ਚ ਅਫਗਾਨਿਸਤਾਨ ਖਿਲਾਫ ਸੈਂਕੜਾ ਲਗਾ ਕੇ ਫਾਰਮ ‘ਚ ਵਾਪਸੀ ਕੀਤੀ ਸੀ ਅਤੇ ਹੁਣ ਉਹ ਪਿੱਛੇ ਮੁੜ ਕੇ ਦੇਖਣਾ ਨਹੀਂ ਚਾਹੁੰਦੇ। ਏਸ਼ੀਆ ਕੱਪ ‘ਚ ਉਸ ਨੇ ਰਾਸ਼ਿਦ ਖਾਨ ਵਰਗੇ ਗੇਂਦਬਾਜ਼ ਦੇ ਸਾਹਮਣੇ ਵੀ ਸ਼ਾਟ ਮਾਰੇ ਅਤੇ ਇੱਥੇ ਐਤਵਾਰ ਨੂੰ ਨੈੱਟ ‘ਤੇ ਵੀ ਉਹ ਉਸੇ ਮਾਨਸਿਕਤਾ ਨਾਲ ਉਤਰਿਆ ਅਤੇ ਸਪਿਨਰਾਂ ਦੇ ਖਿਲਾਫ ਵੀ ਇਸੇ ਤਰ੍ਹਾਂ ਦੇ ਸ਼ਾਟ ਖੇਡੇ।

ਉਸ ਨੇ ਅਫਗਾਨਿਸਤਾਨ ਦੇ ਖਿਲਾਫ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਸੈਂਕੜਾ ਲਗਾਇਆ ਅਤੇ ਉਸ ਨੂੰ ਅਹਿਸਾਸ ਹੋ ਗਿਆ ਕਿ ਛੋਟੇ ਫਾਰਮੈਟ ‘ਚ ਸ਼ੁਰੂਆਤ ਤੋਂ ਹੀ ਹਮਲਾਵਰ ਰੁਖ ਅਪਣਾਉਣਾ ਜ਼ਰੂਰੀ ਹੈ। ਉਸ ਨੇ 2016 ਵਿਸ਼ਵ ਟੀ-20 ਵਿੱਚ ਇਸੇ ਮੈਦਾਨ ਵਿੱਚ ਆਸਟਰੇਲੀਆ ਖ਼ਿਲਾਫ਼ ਅਜੇਤੂ 82 ਦੌੜਾਂ ਬਣਾਈਆਂ ਸਨ ਅਤੇ ਹੁਣ ਜਦੋਂ ਉਸ ਦੀ ਫਾਰਮ ਅਤੇ ਆਤਮਵਿਸ਼ਵਾਸ ਵਾਪਸ ਆ ਗਿਆ ਹੈ, ਤਾਂ ਉਸ ਤੋਂ ਮੰਗਲਵਾਰ ਨੂੰ ਇੱਥੇ ਇੱਕ ਹੋਰ ਸ਼ਾਨਦਾਰ ਪਾਰੀ ਖੇਡਣ ਦੀ ਉਮੀਦ ਹੈ।

ਇਸ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਆਪਣੇ ਦੋ ਸਟਾਰ ਖਿਡਾਰੀਆਂ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਦੇ ਨਾਂ ‘ਤੇ ਦੋ ਸਟੈਂਡਾਂ ਦਾ ਨਾਂ ਰੱਖਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਸਾਰੀਆਂ ਰਸਮਾਂ ਮੰਗਲਵਾਰ ਨੂੰ ਮੈਚ ਸ਼ੁਰੂ ਹੋਣ ਤੋਂ ਇਕ ਘੰਟਾ ਪਹਿਲਾਂ ਪੂਰੀਆਂ ਕੀਤੀਆਂ ਜਾਣਗੀਆਂ। ਦੱਖਣੀ ਸਿਰੇ ਦੇ ਪਵੇਲੀਅਨ ਦਾ ਨਾਂ ਭਾਰਤ ਦੇ ਸਰਵੋਤਮ ਸਪਿਨਰ ਹਰਭਜਨ ਦੇ ਨਾਂ ‘ਤੇ ਰੱਖਿਆ ਜਾਵੇਗਾ ਜਦਕਿ ਉੱਤਰੀ ਪੈਵੇਲੀਅਨ ਦਾ ਨਾਂ ਵਿਸ਼ਵ ਕੱਪ 2011 ਦੇ ਹੀਰੋ ਯੁਵਰਾਜ ਦੇ ਨਾਂ ‘ਤੇ ਰੱਖਿਆ ਜਾਵੇਗਾ।

Add a Comment

Your email address will not be published. Required fields are marked *