ਅਯੁੱਧਿਆ ’ਚ ਰਹਿਣਗੇ ਅਮਿਤਾਭ ਬੱਚਨ, 14.5 ਕਰੋੜ ਰੁਪਏ ’ਚ ਖ਼ਰੀਦੀ ਜ਼ਮੀਨ

ਨਵੀਂ ਦਿੱਲੀ – ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਨੇ ਅਯੁੱਧਿਆ ਵਿਚ 14.5 ਕਰੋੜ ਰੁਪਏ ਵਿਚ ਇਕ ਪ੍ਰਾਜੈਕਟ ਲਈ ਲਗਭਗ 10,000 ਵਰਗ ਫੁੱਟ ਜ਼ਮੀਨ ਖਰੀਦੀ ਹੈ। ਇਸ ਨੂੰ ਮੁੰਬਈ ਦੀ ਰੀਅਲ ਅਸਟੇਟ ਡਿਵੈਲਪਮੈਂਟ ਕੰਪਨੀ ਹਾਊਸ ਆਫ ਅਭਿਨੰਦਨ ਲੋਢਾ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। ਹਾਊਸ ਆਫ ਅਭਿਨੰਦਨ ਲੋਢਾ ਨੇ ਸੌਦੇ ਦੀ ਪੁਸ਼ਟੀ ਕੀਤੀ ਪਰ ਇਸ ਦੀ ਰਕਮ ਬਾਰੇ ਕੋਈ ਵੇਰਵਾ ਨਹੀਂ ਦਿੱਤਾ।

ਸੂਤਰਾਂ ਮੁਤਾਬਕ ‘ਦਿ ਸਰਯੂ’ ਪ੍ਰਾਜੈਕਟ ’ਚ ਸਥਿਤ ਕਰੀਬ 10,000 ਵਰਗ ਫੁੱਟ ਜ਼ਮੀਨ 14.5 ਕਰੋੜ ਰੁਪਏ ’ਚ ਵੇਚੀ ਗਈ ਹੈ। ਬੱਚਨ ਨੇ ਕਿਹਾ ਕਿ ਮੈਂ ਅਯੁੱਧਿਆ ’ਚ ‘ਦਿ ਸਰਯੂ’ ਲਈ ਹਾਊਸ ਆਫ ਅਭਿਨੰਦਨ ਲੋਢਾ ਨਾਲ ਇਸ ਯਾਤਰਾ ਦੀ ਸ਼ੁਰੂਆਤ ਕਰਨ ਦੀ ਉਡੀਕ ਕਰ ਰਿਹਾ ਹਾਂ। ਇਕ ਅਜਿਹਾ ਸ਼ਹਿਰ ਜੋ ਮੇਰੇ ਦਿਲ ਵਿਚ ਇਕ ਵਿਸ਼ੇਸ਼ ਸਥਾਨ ਰੱਖਦਾ ਹੈ, ਮੈਂ ਵਿਸ਼ਵ ਅਧਿਆਤਮਿਕ ਰਾਜਧਾਨੀ ਵਿਚ ਆਪਣਾ ਘਰ ਬਣਾਉਣ ਲਈ ਉਤਸ਼ਾਹਤ ਹਾਂ।

ਦਿ ਹਾਊਸ ਆਫ਼ ਅਭਿਨੰਦਨ ਲੋਢਾ ਦੇ ਚੇਅਰਮੈਨ ਅਭਿਨੰਦਨ ਲੋਢਾ ਨੇ ਬਿਆਨ ਵਿਚ ਕਿਹਾ ਕਿ ਅਯੁੱਧਿਆ ਪ੍ਰਾਜੈਕਟ ਵਿਚ ਬੱਚਨ ਦਾ ਨਿਵੇਸ਼ ਸ਼ਹਿਰ ਦੀ ਆਰਥਿਕ ਸਮਰੱਥਾ ਤੇ ਇਸ ਦੀ ਅਧਿਆਤਮਕ ਵਿਰਾਸਤ ਨੂੰ ਲੈ ਕੇ ਭਰੋਸੇ ਨੂੰ ਦਰਸਾਉਂਦਾ ਹੈ। ਅਭਿਨੰਦਨ ਲੋਢਾ ਹਾਊਸ ਨੇ 22 ਜਨਵਰੀ 2024 ਨੂੰ ਰਾਮ ਮੰਦਰ ਵਿਚ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਦਿਨ ‘ਦਿ ਸਰਯੂ’ ਪ੍ਰਾਜੈਕਟ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਕੁੱਲ੍ਹ 45 ਏਕੜ ਵਿਚ ਫ਼ੈਲੇ ਇਸ ਪ੍ਰਾਜੈਕਟ ਵਿਚ ਸਰਯੂ ਨਦੀ ਦੇ ਕੰਢੇ ਇਕ ਹੋਟਲ ਵੀ ਹੋਵੇਗਾ। ਕੰਪਨੀ ਨੇ ਅਯੁੱਧਿਆ ਵਿਚ ਇਕ ਆਧੁਨਿਕ ਪੈਲਸ ਹੋਟਲ ਬਣਾਉਣ ਲਈ ਦਿ ਲੀਲਾ ਪੈਲਸ, ਹੋਟਲਸ ਐਂਡ ਰਿਜ਼ਾਰਟਸ ਦੇ ਨਾਲ ਇਕ ਸਮਝੌਤੇ ‘ਤੇ ਹਸਤਾਖ਼ਰ ਕੀਤੇ ਹਨ। ਹਾਊਸ ਆਫ਼ ਅਭਿਨੰਦਨ ਲੋਢਾ ਨੇ ਪਿਛਲੇ ਸਾਲ ਜਨਵਰੀ ਵਿਚ ਇੰਟੀਗ੍ਰੇਟਡ ਟਾਊਨਸ਼ਿਪ ਵਿਕਸਿਤ ਕਰਨ ਲਈ ਉੱਤਰ ਪ੍ਰਦੇਸ਼ ਵਿਚ 3 ਹਜ਼ਾਰ ਕਰੋੜ ਦਾ ਨਿਵੇਸ਼ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ। ਕੁੱਲ੍ਹ ਪ੍ਰਸਤਾਵਤ ਨਿਵੇਸ਼ ਵਿਚੋਂ 1 ਹਜ਼ਾਰ ਕਰੋੜ ਰੁਪਏ ਅਯੁੱਧਿਆ ਵਿਚ ਲਗਾਏ ਜਾਣਗੇ।

Add a Comment

Your email address will not be published. Required fields are marked *