ਗਿੱਪੀ ਗਰੇਵਾਲ ਦੀ ਐਕਸ਼ਨ ਫ਼ਿਲਮ ‘ਵਾਰਨਿੰਗ 2’ ਦਾ ਧਮਾਕੇਦਾਰ ਟਰੇਲਰ ਰਿਲੀਜ਼

 2021 ’ਚ ਸਸਪੈਂਸ, ਬਦਲੇ ਤੇ ਜ਼ਬਰਦਸਤ ਐਕਸ਼ਨ ਦੀ ਇਕ ਰੋਮਾਂਚਕ ਕਹਾਣੀ ਬਣਾਉਣ ਤੋਂ ਬਾਅਦ ‘ਵਾਰਨਿੰਗ’ ਫਰੈਂਚਾਇਜ਼ੀ ਦੇ ਪਿੱਛੇ ਦੀ ਟੀਮ ਨੇ 13 ਜਨਵਰੀ ਨੂੰ ਸੀਕੁਅਲ ਦਾ ਇਕ ਧਮਾਕੇਦਾਰ ਟਰੇਲਰ ਰਿਲੀਜ਼ ਕੀਤਾ ਹੈ। ਟਰੇਲਰ ਤੋਂ ਪਤਾ ਚੱਲਦਾ ਹੈ ਕਿ ‘ਵਾਰਨਿੰਗ 2’ ਨੂੰ ਇੰਨੇ ਉਤਸ਼ਾਹ ਨਾਲ ਕਿਉਂ ਉਡੀਕਿਆ ਜਾ ਰਿਹਾ ਹੈ। ਪ੍ਰਸ਼ੰਸਕਾਂ ਵਲੋਂ ਉਡੀਕੀ ਜਾ ਰਹੀ ਫ਼ਿਲਮ ‘ਵਾਰਨਿੰਗ 2’ ਦਾ ਟਰੇਲਰ ਦਿਲਚਸਪ ਕਹਾਣੀ ਦੀ ਝਲਕ ਦਿੰਦਾ ਹੈ। ਟਰੇਲਰ ’ਚ ਕਾਮੇਡੀ ਦੇ ਨਾਲ-ਨਾਲ ਐਕਸ਼ਨ ਦ੍ਰਿਸ਼ਾਂ ਦੀ ਵੀ ਝਲਕ ਮਿਲਦੀ ਹੈ, ਜੋ ਫ਼ਿਲਮ ਦੇ ਮਨੋਰੰਜਨ ਨੂੰ ਵਧਾਉਂਦੇ ਹਨ।

ਮੁੱਖ ਕਲਾਕਾਰ ਗਿੱਪੀ ਗਰੇਵਾਲ, ਜੋ ਫ਼ਿਲਮ ਦੇ ਲੇਖਕ ਤੇ ਸਹਿ-ਨਿਰਮਾਤਾ ਵੀ ਹਨ, ਨੇ ਕਿਹਾ, ‘‘ਆਖਿਰਕਾਰ ਇਸ ਦਾ ਟਰੇਲਰ ਰਿਲੀਜ਼ ਕਰਨਾ ਮੇਰੇ ਲਈ ਤੇ ‘ਵਾਰਨਿੰਗ 2’ ਦੇ ਨਿਰਮਾਣ ’ਚ ਸ਼ਾਮਲ ਸਾਰੇ ਲੋਕਾਂ ਲਈ ਇਕ ਬੇਹੱਦ ਰੋਮਾਂਚਕ ਪਲ ਹੈ। ਸਾਨੂੰ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਜਦੋਂ ਫ਼ਿਲਮ ਰਿਲੀਜ਼ ਹੋਵੇਗੀ ਤਾਂ ਉਸ ਨੂੰ ਵੀ ਉਨਾ ਹੀ ਪਿਆਰ ਤੇ ਤਾਰੀਫ਼ ਮਿਲੇਗੀ।’’ ਫ਼ਿਲਮ ਹੰਬਲ ਮੋਸ਼ਨ ਪਿਕਚਰਜ਼, ਸਾਰੇਗਾਮਾ ਇੰਡੀਆ ਤੇ ਯੂਡਲੀ ਫ਼ਿਲਮਜ਼ ਵਲੋਂ ਸਹਿ-ਨਿਰਮਿਤ ਹੈ।

ਸਿਧਾਰਥ ਆਨੰਦ ਕੁਮਾਰ (ਸੀਨੀਅਰ ਵੀ. ਪੀ. ਫ਼ਿਲਮਜ਼ ਐਂਡ ਇਵੈਂਟਸ ਸਾਰੇਗਾਮਾ ਇੰਡੀਆ ਲਿਮਟਿਡ) ਕਹਿੰਦੇ ਹਨ, ‘‘ਯੂਡਲੀ ਫ਼ਿਲਮਜ਼ ਇਕ ਅਜਿਹੀ ਫ਼ਿਲਮ ਨਾਲ ਜੁੜ ਕੇ ਬੇਹੱਦ ਖ਼ੁਸ਼ ਹੈ, ਜੋ ਪੰਜਾਬੀ ਸਿਨੇਮਾ ’ਚ ਇਕ ਮੀਲ ਦਾ ਪੱਥਰ ਸਾਬਿਤ ਹੋਵੇਗੀ। ਇਸ ’ਚ ਅਸਾਧਾਰਨ ਉਤਪਾਦਨ ਮੁੱਲ, ਸ਼ਾਨਦਾਰ ਪ੍ਰਦਰਸ਼ਨ ਤੇ ਸ਼ਾਨਦਾਰ ਰਾਈਟਿੰਗ ਹੈ। ਟਰੇਲਰ ਉਸ ਵਿਸ਼ਾਲ ਮਨੋਰੰਜਨ ਦੀ ਇਕ ਝਲਕ ਹੈ, ਜਿਸ ਨੂੰ ਅਸੀਂ ਫਰੈਂਚਾਇਜ਼ੀ ਦੇ ਵਫ਼ਾਦਾਰ ਪ੍ਰਸ਼ੰਸਕਾਂ ਲਈ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।’’

ਨਿਰਦੇਸ਼ਕ ਅਮਰ ਹੁੰਦਲ, ਜਿਨ੍ਹਾਂ ਨੇ 2021 ਦੀ ਰਿਲੀਜ਼ ਦਾ ਵੀ ਨਿਰਦੇਸ਼ਨ ਕੀਤਾ ਸੀ, ਸਹਿਮਤ ਹਨ ਤੇ ਕਹਿੰਦੇ ਹਨ, ‘‘ਚੁਣੌਤੀ ਇਹ ਸੀ ਕਿ ਅਸੀਂ ਪਹਿਲੀ ਫ਼ਿਲਮ ’ਚ ਜੋ ਹਾਸਲ ਕੀਤਾ ਸੀ, ਉਸ ਤੋਂ ਅੱਗੇ ਨਿਕਲ ਜਾਈਏ। ਜਿਵੇਂ ਕਿ ਟਰੇਲਰ ’ਚ ਸਪੱਸ਼ਟ ਰੂਪ ਨਾਲ ਦਿਖਾਈ ਦੇ ਰਿਹਾ ਹੈ, ਅਸੀਂ ਅਜਿਹਾ ਕਰਨ ’ਚ ਕਾਮਯਾਬ ਰਹੇ ਹਾਂ। ‘ਵਾਰਨਿੰਗ 2’ ਹੋਰ ਵੀ ਵੱਡੇ ਪੱਧਰ ’ਤੇ ਬਣਾਈ ਗਈ ਹੈ ਤੇ ਉਨ੍ਹਾਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ, ਜਿਨ੍ਹਾਂ ਨੇ ਬੜੇ ਸਬਰ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕੀਤਾ ਹੈ।’’ ਅਮਰ ਹੁੰਦਲ ਵਲੋਂ ਨਿਰਦੇਸ਼ਿਤ ਧਮਾਕੇਦਾਰ ਫ਼ਿਲਮ ‘ਵਾਰਨਿੰਗ 2’ 2 ਫਰਵਰੀ, 2024 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ’ਚ ਗਿੱਪੀ ਗਰੇਵਾਲ, ਪ੍ਰਿੰਸ ਕੰਵਰਜੀਤ ਸਿੰਘ, ਰਾਹੁਤ ਦੇਵ, ਜੈਸਮੀਨ ਭਸੀਨ ਤੇ ਰਘਵੀਰ ਬੋਲੀ ਵਰਗੇ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ।

Add a Comment

Your email address will not be published. Required fields are marked *