ਮਸ਼ਹੂਰ ਅਦਾਕਾਰਾ ਤੇ ਮਾਡਲ ਸਿਲਵੀਨਾ ਲੂਨਾ ਦੀ ਮੌਤ

ਜਲੰਧਰ – ਅਰਜਨਟੀਨਾ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਸਿਲਵੀਨਾ ਲੂਨਾ ਦੀ ਮੌਤ ਹੋ ਗਈ ਹੈ। ਅਦਾਕਾਰਾ ਨੇ 43 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਸਿਲਵੀਨਾ ਲੂਨਾ ਦੀ ਮੌਤ ਦੀ ਖ਼ਬਰ ਸੁਣ ਕੇ ਅਰਜਨਟੀਨਾ ਫ਼ਿਲਮ ਇੰਡਸਟਰੀ ’ਚ ਸੋਗ ਦਾ ਮਾਹੌਲ ਹੈ। ਸਿਲਵੀਨਾ ਲੂਨਾ ਇਕ ਪ੍ਰਸਿੱਧ ਅਰਜਨਟੀਨੀ ਅਦਾਕਾਰਾ, ਮਾਡਲ ਤੇ ਟੀ. ਵੀ. ਪੇਸ਼ਕਾਰ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਪਲਾਸਟਿਕ ਸਰਜਰੀ ਕਾਰਨ ਕਿਡਨੀ ਸਬੰਧੀ ਸਮੱਸਿਆਵਾਂ ਤੋਂ ਪੀੜਤ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਦਾਕਾਰਾ ਦੀ ਅਚਾਨਕ ਹੋਈ ਮੌਤ ਨਾਲ ਉਸ ਦੇ ਪਰਿਵਾਰ ਤੇ ਨਜ਼ਦੀਕੀਆਂ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ।

21 ਜੂਨ, 1980 ਨੂੰ ਜਨਮੀ ਸਿਲਵੀਨਾ ਲੂਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਦੇ ਤੌਰ ’ਤੇ ਕੀਤੀ ਤੇ ਬਾਅਦ ’ਚ ਟੀ. ਵੀ. ਤੇ ਫ਼ਿਲਮ ਇੰਡਸਟਰੀ ’ਚ ਐਂਟਰੀ ਕੀਤੀ। 2001 ’ਚ ਰਿਐਲਿਟੀ ਸ਼ੋਅ ‘ਗ੍ਰੈਨ ਹਰਮਾਨੋ’ ’ਚ ਹਿੱਸਾ ਲੈਣ ਨਾਲ ਉਸ ਦੇ ਕਰੀਅਰ ਨੇ ਇਕ ਵੱਖਰਾ ਮੋੜ ਲਿਆ। ਸਿਲਵੀਨਾ ਦੀ ਮੌਤ ਤੋਂ ਬਾਅਦ ਉਸ ਦੀ ਦੋਸਤ ਗੁਸਤਾਵੋ ਕੌਂਟੀ ਨੇ ਆਪਣੇ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕਰਕੇ ਅਦਾਕਾਰਾ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਸ ਦੀ ਸਹੇਲੀ ਨੇ ਲਿਖਿਆ, ‘‘ਤੁਸੀਂ ਬਹੁਤ ਪਿਆਰੇ ਹੋ, ਤੁਸੀਂ ਹਮੇਸ਼ਾ ਸਾਡੀਆਂ ਯਾਦਾਂ ’ਚ ਰਹੋਗੇ, ਅਸੀਂ ਤੁਹਾਨੂੰ ਹਮੇਸ਼ਾ ਪਿਆਰ ਕਰਾਂਗੇ, ਤੁਹਾਡੇ ਲਈ ਮੇਰੇ ਦਿਲ ’ਚ ਇਕ ਖ਼ਾਸ ਜਗ੍ਹਾ ਹੈ।’’ ਜ਼ਿਕਰਯੋਗ ਹੈ ਕਿ ਇਸ ਸਾਲ ਅਪ੍ਰੈਲ ਮਹੀਨੇ ’ਚ ਕ੍ਰਿਸਟੀਨਾ ਐਸ਼ਟਨ ਗੋਰਕਾਨੀ ਦੀ ਪਲਾਸਟਿਕ ਸਰਜਰੀ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ 34 ਸਾਲਾਂ ਦੀ ਸੀ। ਉਸ ਦੀ ਮੌਤ ਦੀ ਖ਼ਬਰ ਉਸ ਦੇ ਪਰਿਵਾਰ ਨੇ 26 ਅਪ੍ਰੈਲ ਨੂੰ ਇੰਸਟਾਗ੍ਰਾਮ ਦੇ ਜ਼ਰੀਏ ਸਾਂਝੀ ਕੀਤੀ ਸੀ।

Add a Comment

Your email address will not be published. Required fields are marked *