ਨਿਊਜ਼ੀਲੈਂਡ ਦੀ ਸਾਬਕਾ PM ਜੈਸਿੰਡਾ ਆਰਡਰਨ ਨੇ ਕਰਾਇਆ ਵਿਆਹ

ਵੈਲਿੰਗਟਨ – ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸ਼ਨੀਵਾਰ ਨੂੰ ਇੱਕ ਨਿੱਜੀ ਸਮਾਰੋਹ ਵਿੱਚ ਆਪਣੇ ਲੰਬੇ ਸਮੇਂ ਦੇ ਸਾਥੀ ਕਲਾਰਕ ਗੇਫੋਰਡ ਨਾਲ ਵਿਆਹ ਕਰਵਾ ਲਿਆ ਹੈ। ਇਸ ਤੋਂ ਪਹਿਲਾ ਆਰਡਰਨ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਪਣਾ ਵਿਆਹ ਮੁਲਤਵੀ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਵਿਆਹ ਸਮਾਰੋਹ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਤੋਂ 325 ਕਿਲੋਮੀਟਰ (200 ਮੀਲ) ਦੂਰ, ਸੁੰਦਰ ਹਾਕਸ ਬੇ ਖੇਤਰ ਵਿੱਚ ਇੱਕ ਲਗਜ਼ਰੀ ਅੰਗੂਰ ਬਾਗ ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਸਿਰਫ਼ ਪਰਿਵਾਰ, ਨਜ਼ਦੀਕੀ ਦੋਸਤਾਂ ਅਤੇ 43 ਸਾਲਾ ਆਰਡਰਨ ਦੇ ਕੁੱਝ ਸਾਬਕਾ ਸੰਸਦ ਮੈਂਬਰ ਸਾਥੀਆਂ ਸੱਦਾ ਦਿੱਤਾ ਗਿਆ ਸੀ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਵੀ ਸ਼ਾਮਲ ਸਨ।

ਆਰਡਰਨ ਅਤੇ 47 ਸਾਲਾ ਗੇਫੋਰਡ ਨੇ 2014 ਵਿੱਚ ਡੇਟਿੰਗ ਸ਼ੁਰੂ ਕੀਤੀ ਸੀ ਅਤੇ 5 ਸਾਲ ਬਾਅਦ ਉਨ੍ਹਾਂ ਦੀ ਮੰਗਣੀ ਹੋਈ ਸੀ, ਪਰ ਆਰਡਰਨ ਦੀ ਸਰਕਾਰ ਦੀਆਂ ਕੋਵਿਡ-19 ਪਾਬੰਦੀਆਂ ਦੇ ਕਾਰਨ ਕਿਸੇ ਵੀ ਪ੍ਰੋਗਰਾਮ ਵਿਚ ਇਕੱਠ ਨੂੰ 100 ਲੋਕਾਂ ਤੱਕ ਸੀਮਤ ਕਰ ਦਿੱਤਾ ਗਿਆ ਸੀ, ਜਿਸ ਮਗਰੋਂ 2022 ਵਿਚ ਯੋਜਨਾਬੱਧ ਵਿਆਹ ਮੁਲਤਵੀ ਕਰ ਦਿੱਤਾ ਗਿਆ। ਆਰਡਰਨ ਨੇ ਵਿਆਹ ਨੂੰ ਮੁਲਤਵੀ ਕਰਨ ਦੇ ਆਪਣੇ ਫ਼ੈਸਲੇ ਦੇ ਸਮੇਂ ਕਿਹਾ ਸੀ, “ਇਹ ਜ਼ਿੰਦਗੀ ਹੈ, ਮੈਂ ਹੋਰ ਹਜ਼ਾਰਾਂ ਨਿਊਜ਼ੀਲੈਂਡ ਵਾਸੀਆਂ ਤੋਂ ਵੱਖ ਨਹੀਂ ਹਾਂ।” 

37 ਸਾਲ ਦੀ ਉਮਰ ਵਿਚ ਜਦੋਂ ਆਰਡਰਨ 2017 ਵਿੱਚ ਨੇਤਾ ਬਣੀ, ਤਾਂ ਉਹ ਜਲਦੀ ਹੀ ਖੱਬੇ ਪੱਖੀ ਦੀ ਇੱਕ ਗਲੋਬਲ ਆਈਕਨ ਬਣ ਗਈ। ਉਨ੍ਹਾਂ ਨੇ ਲੀਡਰਸ਼ਿਪ ਦੀ ਇੱਕ ਨਵੀਂ ਸ਼ੈਲੀ ਦੀ ਉਦਾਹਰਣ ਦਿੱਤੀ ਅਤੇ ਦੇਸ਼ ਦੀ ਸਭ ਤੋਂ ਖ਼ਰਾਬ ਸਮੂਹਕ ਗੋਲੀਬਾਰੀ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਸ਼ੁਰੂਆਤੀ ਪੜਾਵਾਂ ਨੂੰ ਸੰਭਾਲਣ ਲਈ ਦੁਨੀਆ ਭਰ ਵਿੱਚ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ। ਆਡਰਨ ਨੇ ਜਨਵਰੀ 2023 ਵਿੱਚ ਨਿਊਜ਼ੀਲੈਂਡ ਦੇ ਲੋਕਾਂ ਨੂੰ ਉਦੋਂ ਹੈਰਾਨ ਕਰ ਦਿੱਤਾ ਸੀ, ਜਦੋਂ ਉਨ੍ਹਾਂ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਵਜੋਂ ਸਾਢੇ ਪੰਜ ਸਾਲ ਬਾਅਦ ਅਸਤੀਫਾ ਦੇ ਰਹੀ ਹੈ। ਇੱਥੇ ਦੱਸ ਦੇਈਏ ਕਿ ਜੈਸਿੰਡਾ ਅਤੇ ਗੇਫੋਰਡ ਦੀ ਇਕ ਧੀ ਵੀ ਹੈ। ਜੈਸਿੰਡਾ ਨੇ ਪ੍ਰਧਾਨ ਮੰਤਰੀ ਰਹਿੰਦਿਆਂ 21 ਜੂਨ 2018 ਨੂੰ ਧੀ ਨੂੰ ਜਨਮ ਦਿੱਤਾ। ਜੈਸਿੰਡਾ ਅਹੁਦੇ ‘ਤੇ ਰਹਿੰਦਿਆਂ ਮਾਂ ਬਣਨ ਵਾਲੀ ਦੁਨੀਆ ਦੀ ਦੂਜੀ ਔਰਤ ਹੈ।

Add a Comment

Your email address will not be published. Required fields are marked *