ਭਾਰਤ 2027-28 ਤੱਕ ਹੋਵੇਗੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ : ਸੀਤਾਰਮਨ

ਗਾਂਧੀਨਗਰ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਭਰੋਸਾ ਜਤਾਇਆ ਕਿ ਭਾਰਤ ਵਿੱਤੀ ਸਾਲ 2027-28 ਤੱਕ 5 ਲੱਖ ਕਰੋੜ ਡਾਲਰ ਤੋਂ ਵੱਧ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਨਾਲ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗੀ। ਨਾਲ ਹੀ 2047 ਤੱਕ 30 ਲੱਖ ਕਰੋੜ ਡਾਲਰ ਦੇ ਜੀਡੀਪੀ ਨਾਲ ਇਕ ਵਿਕਸਿਤ ਰਾਸ਼ਟਰ ਬਣ ਜਾਵੇਗਾ। ਭਾਰਤ ਇਸ ਸਮੇਂ ਕਰੀਬ 3.4 ਲੱਖ ਕਰੋੜ ਡਾਲਰ ਦੀ ਜੀਡੀਪੀ ਨਾਲ ਦੁਨੀਆ ਦੀ ਪੰਜਵੀ ਸਭ ਤੋਂ ਵੱਡੀ ਅਰਥਵਿਵਸਥਾ ਹੈ। 

ਫਿਲਹਾਲ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਇਸ ਤੋਂ ਅੱਗੇ ਹਨ। ਸੀਤਾਰਮਨ ਨੇ ਇਥੇ ‘ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ’ ਨੂੰ ਸੰਬੋਧਨ ਕਰਦਿਆ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 100 ਸਾਲ 2047 ਵਿਚ ਪੂਰੇ ਹੋਣ ਤੱਕ ਅੰਮ੍ਰਿਤਕਾਲ ਵਿਚ ਨਵੇਂ ਅਤੇ ਤੇਜ਼ੀ ਨਾਲ ਵਧ ਰਹੇ ਉਦਯੋਗਾਂ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੀ ਐਫਡੀਆਈ ਨੀਤੀ ਨੇ ਵਿਦੇਸ਼ੀ ਨਿਵੇ ਨੂੰ ਆਕਰਸ਼ਿਤ ਕਰਨ ਵਿਚ ਮਦਦ ਕੀਤੀ ਹੈ। ਪਿਛਲੇ 9 ਸਾਲਾਂ ਵਿਚ 595 ਅਰਬ ਡਾਲਰ ਦਾ ਨਿਵੇਸ਼ ਆਇਆ ਹੈ। 

ਉਨ੍ਹਾਂ ਨੇ ਕਿਹਾ ਕਿ ਇਹ ਸੰਭਵ ਹੈ ਕਿ ਅਸੀਂ ਵਿੱਤੀ ਸਾਲ 2027-28 ਤੱਕ ਤੀਜੀ ਵੱਡੀ ਅਰਥਵਿਵਸਥਾ ਬਣ ਜਾਵਾਂਗੇ ਅਤੇ ਸਾਡੀ ਜੀਡੀਪੀ ਉਸ ਸਮੇਂ ਤੱਕ 5 ਲੱਖ ਕਰੋੜ ਡਾਲਰ ਤੋਂ ਵੱਧ ਹੋ ਜਾਵੇਗੀ। ਮੋਟੇ ਅੰਦਾਜ਼ੇ ਮੁਤਾਬਕ ਸਾਲ 2047 ਤੱਕ ਸਾਡੀ ਅਰਥਵਿਵਸਥਾ ਘੱਟੋ-ਘੱਟ 30 ਲੱਖ ਕਰੋੜ ਡਾਲਰ ਤੱਕ ਪਹੁੰਚ ਜਾਵੇਗੀ। ਭਾਰਤੀ ਅਰਥਵਿਵਸਥਾ ਦੇ ਮੌਜੂਦਾ ਵਿੱਤੀ ਸਾਲ ‘ਚ 7.3 ਫ਼ੀਸਦੀ ਦੀ ਦਰ ਨਾਲ ਵੱਧਣ ਦਾ ਅਨੁਮਾਨ ਹੈ, ਜਦਕਿ ਪਿਛਲੇ ਵਿੱਤੀ ਸਾਲ ‘ਚ ਇਸ ਦੀ ਵਿਕਾਸ ਦਰ 7.2 ਫ਼ੀਸਦੀ ਸੀ। ਸੀਤਾਰਮਨ ਨੇ ਕਿਹਾ ਕਿ ਭਾਰਤੀਆਂ ਨੇ ਮਹਾਮਾਰੀ ਤੋਂ ਬਾਅਦ ਦੀਆਂ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਹੈ ਅਤੇ ਅਰਥਵਿਵਸਥਾ ਦੀ ਮੁੜ ਸੁਰਜੀਤੀ ਮਜ਼ਬੂਤੀ ਨਾਲ ਚੱਲ ਰਹੀ ਹੈ। 

2047 ਤੱਕ ਭਾਰਤ ਦੀ ਵਿਕਸਤ ਅਰਥਵਿਵਸਥਾ ਬਣਨ ਦੀ ਯਾਤਰਾ ਵਿੱਚ ਗੁਜਰਾਤ ਵਿਕਾਸ ਦਾ ਇੰਜਣ ਹੋਵੇਗਾ। ਗੁਜਰਾਤ ਭਾਰਤ ਦੀ ਆਬਾਦੀ ਦਾ ਪੰਜ ਫ਼ੀਸਦੀ ਹੈ ਪਰ ਦੇਸ਼ ਦੀ ਜੀਡੀਪੀ ਵਿੱਚ 8.5 ਫ਼ੀਸਦੀ ਯੋਗਦਾਨ ਪਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ 2011 ਤੋਂ 2021 ਦਰਮਿਆਨ ਔਸਤ ਰਾਸ਼ਟਰੀ ਵਿਕਾਸ ਦਰ 10.4 ਫ਼ੀਸਦੀ ਰਹੀ ਹੈ, ਜਦਕਿ ਗੁਜਰਾਤ ਵਿੱਚ ਇਹ 12 ਫ਼ੀਸਦੀ ਤੋਂ ਕਿਤੇ ਜ਼ਿਆਦਾ ਰਹੀ ਹੈ।

ਸੀਤਾਰਮਨ ਨੇ ਕਿਹਾ ਕਿ ਭਾਰਤ ਸੈਮੀਕੰਡਕਟਰਾਂ ਦਾ ਘਰੇਲੂ ਉਤਪਾਦਕ ਬਣਨ ਦੇ ਰਾਹ ‘ਤੇ ਹੈ ਅਤੇ ਇਲੈਕਟ੍ਰਿਕ ਵਾਹਨਾਂ (ਈਵੀ) ਨੂੰ ਵੱਡੇ ਪੱਧਰ ‘ਤੇ ਅਪਣਾਇਆ ਜਾ ਰਿਹਾ ਹੈ। ਇਹ ਸਭ ਸਰਕਾਰ ਵੱਲੋਂ ਅਪਣਾਈ ਜਾ ਰਹੀ ਸਿੱਧੇ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਨੀਤੀ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਅਪ੍ਰੈਲ 2000 ਤੋਂ ਮਾਰਚ 2023 ਤੱਕ ਦੇ 23 ਸਾਲਾਂ ਵਿੱਚ ਭਾਰਤ ਨੇ 919 ਬਿਲੀਅਨ ਡਾਲਰ ਦਾ ਐੱਫਡੀਆਈ ਆਕਰਸ਼ਿਤ ਕੀਤਾ ਹੈ, ਜਿਸ ਵਿੱਚੋਂ 65 ਫ਼ੀਸਦੀ ਭਾਵ 595 ਅਰਬ ਡਾਲਰ ਪਿਛਲੇ ਅੱਠ-ਨੌਂ ਸਾਲਾਂ ਵਿੱਚ ਆਇਆ ਹੈ।

Add a Comment

Your email address will not be published. Required fields are marked *