ਪੰਜਾਬ ‘ਚ ਸਿਆਸੀ ਆਗੂਆਂ ਨਾਲ ਨੇੜਤਾ ਰੱਖਣ ਵਾਲਾ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ

ਲੁਧਿਆਣਾ : ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਸ ਵਲੋਂ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਸੀ. ਆਈ. ਏ.-2 ਦੀ ਟੀਮ ਨੇ ਮੰਗਲਵਾਰ ਨੂੰ ਖ਼ਤਰਨਾਕ ਗੈਂਗਸਟਰ ਸੰਦੀਪ ਲੁਧਿਆਣਾ ਨੂੰ ਕਾਬੂ ਕਰ ਲਿਆ। ਸੀ. ਆਈ. ਏ.-2 ਦੀ ਟੀਮ ਨੇ ਇੰਸਪੈਕਟਰ ਬੇਅੰਤ ਜੁਨੇਜਾ ਦੀ ਟੀਮ ਨੇ ਭਾਮੀਆਂ ਕਲਾਂ ਸਥਿਤ ਸੰਦੀਪ ਦੇ ਘਰ ਛਾਪਾ ਮਾਰ ਕੇ ਉਸ ਨੂੰ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਦੌਰਾਨ ਪੁਲਸ ਨੇ ਉਸ ਤੋਂ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤਾ ਹੈ, ਜਿਸ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਗੈਂਗਸਟਰ ਸੰਦੀਪ ਅਤੇ ਗੈਂਗਸਟਰ ਪੁਨੀਤ ਬੈਂਸ ਉਰਫ਼ ਮਨੀ ਬੈਂਸ ਦਾ ਆਪਸ ’ਚ ਪਿਛਲੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਦੋਵੇਂ ਗੈਂਗਾਂ ਵੱਲੋਂ ਕਈ ਵਾਰ ਇਕ-ਦੂਜੇ ਦੇ ਮੈਂਬਰਾਂ ’ਤੇ ਹਮਲਾ ਵੀ ਕੀਤਾ ਗਿਆ ਹੈ। ਥਾਣਾ ਡਵੀਜ਼ਨ ਨੰਬਰ-3 ਅਤੇ ਥਾਣਾ ਟਿੱਬਾ ਦੇ ਇਲਾਕਿਆਂ ’ਚ ਵੀ ਇਨ੍ਹਾਂ ਦੋਵੇਂ ਗੈਂਗਾਂ ਨੇ ਕੁੱਟ-ਮਾਰ ਕਰ ਕੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਸੀ। ਗੈਂਗਸਟਰ ਸੰਦੀਪ ’ਤੇ ਪੁਨੀਤ ਬੈਂਸ ਦੇ ਗਰੁੱਪ ’ਤੇ ਜਾਨਲੇਵਾ ਹਮਲਾ ਕਰਨ ਤੋਂ ਇਲਾਵਾ ਹੋਰ ਮਾਮਲੇ ਵੀ ਦਰਜ ਹਨ, ਜਿਸ ਸਬੰਧੀ ਉਹ ਕਾਫੀ ਸਮੇਂ ਸਲਾਖਾਂ ਪਿੱਛੇ ਰਿਹਾ ਹੈ।

ਕਈ ਸਿਆਸੀ ਨੇਤਾਵਾਂ ਨਾਲ ਸਬੰਧ ਹੋਣ ਕਾਰਨ ਸੰਦੀਪ ਕਾਫੀ ਚਰਚਾ ’ਚ ਰਿਹਾ ਹੈ ਅਤੇ ਕਾਂਗਰਸ ਸਰਕਾਰ ਦੀ ਸੱਤਾ ਦੌਰਾਨ ਇਨ੍ਹਾਂ ਨਜ਼ਦੀਕੀਆਂ ਕਾਰਨ ਹੀ ਆਪਣਾ ਦਬਦਬਾ ਕਾਇਮ ਕਰਨ ’ਚ ਜੁੱਟਿਆ ਹੋਇਆ ਸੀ। ਸੂਤਰਾਂ ਮੁਤਾਬਕ ਪੁਲਸ ਸੰਦੀਪ ਦੇ ਹੋਰ ਗੈਂਗਸਟਰਾਂ ਨਾਲ ਸਬੰਧਾਂ ਦੀ ਪਿਛਲੇ ਕਾਫੀ ਸਮੇਂ ਤੋਂ ਜਾਂਚ ਕਰ ਰਹੀ ਸੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ।

ਹਾਲ ਦੀ ਘੜੀ ਪੁਲਸ ਉਸ ਤੋਂ ਬਰਾਮਦ ਨਾਜਾਇਜ਼ ਅਸਲੇ ਸਬੰਧੀ ਪੁੱਛਗਿੱਛ ਕਰ ਰਹੀ ਹੈ। ਪੁਲਸ ਦਾ ਦਾਅਵਾ ਹੈ ਕਿ ਪੁੱਛਗਿੱਛ ਦੌਰਾਨ ਕਈ ਮਾਮਲਿਆਂ ਦਾ ਖ਼ੁਲਾਸਾ ਹੋਣ ਦੀ ਸੰਭਾਵਨਾ ਹੈ। ਸੰਦੀਪ ਖ਼ਿਲਾਫ਼ ਪੁਲਸ ਐਕਸ਼ਨ ਤੋਂ ਬਾਅਦ ਉਸ ਦੇ ਸੰਪਰਕ ’ਚ ਰਹਿਣ ਵਾਲੇ ਕੁੱਝ ਲੋਕਾਂ ’ਚ ਹਫੜਾ-ਦਫੜੀ ਮਚ ਗਈ ਅਤੇ ਲੋਕ ਅੰਡਰ ਗਰਾਊਂਡ ਹੋ ਗਏ ਹਨ।

Add a Comment

Your email address will not be published. Required fields are marked *