ਕਿਸਾਨੀ ਅੰਦੋਲਨ ਦੇ ਹੱਕ ‘ਚ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ

ਭਵਾਨੀਗੜ੍ਹ – ਪੰਜਾਬੀ ਫ਼ਿਲਮ ਜਗਤ ਦੇ ਪ੍ਰਸਿੱਧ ਅਦਾਕਾਰ ਕਾਮੇਡੀਅਨ ਕਰਮਜੀਤ ਅਨਮੋਲ ਨੇ ਹਰਿਆਣਾ ਬਾਰਡਰ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ‘ਚ ਨਾਅਰਾ ਮਾਰਦਿਆਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਛੇਤੀ ਤੋਂ ਛੇਤੀ ਮੰਨਣ ਦੀ ਅਪੀਲ ਕੀਤੀ ਹੈ। ਕਰਮਜੀਤ ਅਨਮੋਲ ਅੱਜ ਇੱਥੇ ਆਪਣੀ ਨਵੀਂ ਆ ਰਹੀ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ-2’ ਦੀ ਸਟਾਰ ਕਾਸਟ ਨਾਲ ਫ਼ਿਲਮ ਦੀ ਪ੍ਰਮੋਸ਼ਨ ਲਈ ਹੈਰੀਟੇਜ ਪਬਲਿਕ ਸਕੂਲ ਵਿਖੇ ਪਹੁੰਚੇ ਸਨ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਤੇ ਕਿਸਾਨਾਂ ਦੇ ਸੰਘਰਸ਼ ਅੱਗੇ ਉਨ੍ਹਾਂ ਦਾ ਸਿਰ ਝੁੱਕਦਾ ਹੈ, ਜਿਸ ਦੇ ਚੱਲਦਿਆਂ ਹੀ ਉਨ੍ਹਾਂ ਨੇ ਆਪਣੀ ਇਸ ਫ਼ਿਲਮ ਦੀ ਰਿਲੀਜਿੰਗ ਨੂੰ ਮੁਲਤਵੀ ਕੀਤਾ ਹੈ। ਪਹਿਲਾਂ ਇਹ ਫ਼ਿਲਮ 1 ਮਾਰਚ ਨੂੰ ਰਿਲੀਜ਼ ਹੋਣੀ ਸੀ ਤੇ ਹੁਣ ਜਲਦ ਹੀ ਫਿਲਮ ਰਿਲੀਜ਼ਿੰਗ ਤਾਰੀਖ ਫਾਇਨਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਦਿੱਲੀ ਕਿਸਾਨੀ ਅੰਦੋਲਨ ਦੌਰਾਨ ਅਸੀਂ ਕਈ ਕਿਸਾਨ ਭਰਾਵਾਂ, ਬਜ਼ੁਰਗਾਂ ਨੂੰ ਗਵਾ ਬੈਠੇ ਸੀ ਤੇ ਹੁਣ ਅਸੀਂ ਨਹੀਂ ਚਾਹੁੰਦੇ ਕਿ ਕਿਸਾਨੀ ਸੰਘਰਸ਼ ਲੰਮਾ ਚੱਲੇ ਇਸ ਕਰਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ‘ਤੇ ਸਹਿਮਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਕਿਸਾਨ ਆਪਣੇ ਪਰਿਵਾਰਾਂ ‘ਚ ਮੁੜ ਜਾ ਸਕਣ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਕਰਮਜੀਤ ਅਨਮੋਲ ਨੇ ਮੁਸਕਰਾਉਂਦਿਆਂ ਆਖਿਆ ਕਿ ਫਿਲਹਾਲ ਉਨ੍ਹਾਂ ਵੱਲੋਂ ਸੰਗਰੂਰ ਤੋਂ ਲੋਕ ਸਭਾ ਸੀਟ ‘ਤੇ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਪਰ ਭਵਿੱਖ ‘ਚ ਕੁੱਝ ਵੀ ਹੋ ਸਕਦਾ ਹੈ। ਉਨ੍ਹਾਂ ਨਾਲ ਫ਼ਿਲਮ ਦੀ ਹੀਰੋਇਨ ਤਨਵੀ ਨਾਗੀ ਨੇ ਦੱਸਿਆ ਕਿ ਫ਼ਿਲਮ ਪਹਿਲੀ ਨਾਲੋਂ ਹੋਰ ਜ਼ਿਆਦਾ ਮੰਨੋਰੰਜਨ ਨਾਲ ਭਰਪੂਰ ਹੋਵੇਗੀ, ਦਰਸ਼ਕਾਂ ਨੂੰ ਹਾਰਰ ਕਾਮੇਡੀ ਤੇ ਨੂੰਹ-ਸੱਸ ਦੀ ਨੋਕ-ਝੋਕ ਤੇ ਪੋਲਿਟਿਕਸ ਖੂਬ ਦੇਖਣ ਨੂੰ ਮਿਲੇਗੀ। ਫ਼ਿਲਮ ‘ਚ ਸਹਿਯੋਗੀ ਰੋਲ ਨਿਭਾ ਰਹੇ ਰਵਿੰਦਰ ਮੰਡ ਤੇ ਸੁਖਵਿੰਦਰ ਰਾਜ ਨੇ ਕਿਹਾ ਕਿ ਉਨ੍ਹਾਂ ਨੇ ਇਸ ਫ਼ਿਲਮ ਰਾਹੀਂ ਸਮਾਜ ਨੂੰ ਇੱਕ ਵਧੀਆ ਸੰਦੇਸ਼ ਤੇ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਸਕੂਲ ਦੇ ਪ੍ਰਬੰਧਕ ਅਨਿਲ ਮਿੱਤਲ, ਆਸ਼ਿਮਾ ਮਿੱਤਲ ਤੇ ਪ੍ਰਿੰਸੀਪਲ ਯੋਗੇਸ਼ਵਰ ਸਿੰਘ ਬਟਿਆਲ ਨੇ ਸਾਰੀ ਫ਼ਿਲਮ ਸਟਾਰ ਕਾਸਟ ਦਾ ਸਕੂਲ ਪਹੁੰਚਣ ‘ਤੇ ਧੰਨਵਾਦ ਕੀਤਾ।

Add a Comment

Your email address will not be published. Required fields are marked *