ਭਾਰਤ-ਬ੍ਰਿਟੇਨ ਰੱਖਿਆ ਉਦਯੋਗ ਸਬੰਧਾਂ ਨੂੰ ਗੂੜ੍ਹਾ ਕਰਨ ਲਈ ਲੰਡਨ ਜਾਣਗੇ ਰਾਜਨਾਥ ਸਿੰਘ

ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਰਣਨੀਤਕ ਤੇ ਸੁਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਤੇ ਬਿਹਤਰ ਬਣਾਉਣ ਦੇ ਉਦੇਸ਼ ਨਾਲ ਸੋਮਵਾਰ ਨੂੰ ਬ੍ਰਿਟੇਨ ਦੇ ਦੋ ਦਿਨਾ ਦੌਰੇ ’ਤੇ ਜਾਣਗੇ। ਲੜਾਕੂ ਜਹਾਜ਼ਾਂ ਤੇ ਹੋਰ ਫੌਜੀ ਪਲੇਟਫਾਰਮਜ਼ ਨੂੰ ਸਾਂਝੇ ਤੌਰ ’ਤੇ ਵਿਕਸਤ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਸੰਭਾਵਿਤ ਸਹਿਯੋਗ ’ਤੇ ਚਰਚਾ ਕੀਤੀ ਜਾਵੇਗੀ।

ਦੌਰੇ ਬਾਰੇ ਜਾਣਕਾਰੀ ਦਿੰਦਿਆਂ ਰੱਖਿਆ ਮੰਤਰਾਲੇ ਨੇ ਕਿਹਾ ਕਿ ਸਿੰਘ ਤੇ ਬ੍ਰਿਟਿਸ਼ ਰੱਖਿਆ ਮੰਤਰੀ ਗ੍ਰਾਂਟ ਸ਼ਾਪਸ ਵਿਚਕਾਰ ਰੱਖਿਆ, ਸੁਰੱਖਿਆ ਤੇ ਉਦਯੋਗਿਕ ਸਹਿਯੋਗ ਦੇ ਖ਼ੇਤਰ ’ਚ ਵਿਆਪਕ ਮੁੱਦਿਆਂ ’ਤੇ ਚਰਚਾ ਹੋਣ ਦੀ ਉਮੀਦ ਹੈ। ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਸਿੰਘ ਦੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੇ ਵਿਦੇਸ਼ ਮੰਤਰੀ ਡੇਵਿਡ ਕੈਮਰਨ ਨਾਲ ਵੀ ਮੁਲਾਕਾਤ ਦੀ ਉਮੀਦ ਹੈ।

ਰੱਖਿਆ ਮੰਤਰੀ ਦੇ ਨਾਲ ਇਕ ਉੱਚ ਪੱਧਰੀ ਵਫ਼ਦ ਵੀ ਹੋਵੇਗਾ, ਜਿਸ ’ਚ ਸੈਨਾ ਦੀਆਂ ਤਿੰਨਾਂ ਸੇਵਾਵਾਂ, ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਤੇ ਰੱਖਿਆ ਉਤਪਾਦਨ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਮੰਤਰਾਲੇ ਨੇ ਇਕ ਬਿਆਨ ’ਚ ਕਿਹਾ, ‘‘ਉਹ ਯੂ. ਕੇ. ਦੇ ਰੱਖਿਆ ਉਦਯੋਗ ਦੇ ਸੀ. ਈ. ਓਜ਼. ਤੇ ਉਦਯੋਗ ਦੇ ਨੇਤਾਵਾਂ ਨਾਲ ਵੀ ਗੱਲਬਾਤ ਕਰਨਗੇ ਤੇ ਉਥੇ ਭਾਰਤੀ ਭਾਈਚਾਰੇ ਨੂੰ ਮਿਲਣਗੇ।’’

ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਰੱਖਿਆ ਮੰਤਰੀ ਸ਼ਾਪਸ ਨਾਲ ਸਿੰਘ ਦੀ ਗੱਲਬਾਤ ਮੁੱਖ ਤੌਰ ’ਤੇ ਨਾਜ਼ੁਕ ਤਕਨਾਲੋਜੀ ਨੂੰ ਸਾਂਝਾ ਕਰਨ ਤੇ ਦੁਵੱਲੇ ਉਦਯੋਗਿਕ ਰੱਖਿਆ ਸਹਿਯੋਗ ਨੂੰ ਵਧਾਉਣ ’ਤੇ ਕੇਂਦਰਿਤ ਹੋਵੇਗੀ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਲੋਂ ਲੜਾਕੂ ਜਹਾਜ਼ਾਂ ਤੇ ਹੋਰ ਫੌਜੀ ਪਲੇਟਫਾਰਮਜ਼ ਦੇ ਸਾਂਝੇ ਵਿਕਾਸ ’ਚ ਸਹਿਯੋਗ ਬਾਰੇ ਚਰਚਾ ਕਰਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਿੰਘ ਤੇ ਸ਼ਾਪਸ ਵਲੋਂ ਹਿੰਦ-ਪ੍ਰਸ਼ਾਂਤ, ਪੱਛਮੀ ਏਸ਼ੀਆ ਤੇ ਯੂਕ੍ਰੇਨ ਦੀ ਸਥਿਤੀ ’ਤੇ ਵੀ ਚਰਚਾ ਕਰਨ ਦੀ ਉਮੀਦ ਹੈ।

Add a Comment

Your email address will not be published. Required fields are marked *