ਅਮਰੀਕਾ: ਮਸਜਿਦ ਦੇ ਬਾਹਰ ਇਮਾਮ ਦਾ ਗੋਲੀਆਂ ਮਾਰ ਕੇ ਕਤਲ

ਨਿਊਜਰਸੀ – ਅਮਰੀਕਾ ਵਿਖੇ ਬੀਤੇ ਦਿਨ ਨਿਊਜਰਸੀ ਸੂਬੇ ਦੇ ਸ਼ਹਿਰ ਨੇਵਾਰਕ ਦੀ ਇੱਕ ਮਸਜਿਦ ਦੇ ਇਮਾਮ (ਮੌਲਵੀ) ਦੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਮਿਲੀ। ਇਮਾਮ ਦਾ ਬੁੱਧਵਾਰ ਤੜਕੇ ਸਵੇਰ ਦੀ ਨਮਾਜ਼ ਤੋਂ ਬਾਅਦ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਉਸ ਦੇ ਪਰਿਵਾਰ ਅਤੇ ਮਸਜਿਦ ਦੇ ਸੰਪਰਕ ਵਿੱਚ ਰਹੇ ਭਾਈਚਾਰੇ ਦੇ ਨੇਤਾਵਾਂ ਅਨੁਸਾਰ ਗੋਲੀਆਂ ਦੀ ਤਾਬ ਨਾ ਝੱਲ ਪਾਉਣ ਕਾਰਨ ਉਸ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਨਿਊਜਰਸੀ ਸੂਬੇ ਵਿੱਚ ਇਮਾਮਾਂ (ਮੌਲਵੀਆਂ) ਦੀ ਇਕ ਕੌਂਸਲ ਦੇ ਕਨਵੀਨਰ ਇਮਾਮ ਵਹੀ-ਉਦ-ਦੀਨ ਸ਼ਰੀਫ ਨੇ ਕਿਹਾ ਕਿ ਇਮਾਮ ਹਸਨ ਸ਼ਰੀਫ ਦਾ ਦੱਖਣੀ ਔਰੇਂਜ ਐਵੇਨਿਊ ‘ਤੇ ਮਸਜਿਦ ਮੁਹੰਮਦ-ਨੇਵਾਰਕ (ਨਿਊਜਰਸੀ) ਨਾਂ ਦੀ ਪਾਰਕਿੰਗ ਵਿੱਚ ਦੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਦੱਸਿਆ ਗਿਆ ਹੈ ਕਿ ਇਮਾਮ ‘ਤੇ ਕਈ ਮਹੀਨੇ ਪਹਿਲਾਂ ਸਵੇਰ ਦੀ ਨਮਾਜ਼ ਤੋਂ ਬਾਅਦ ਮਸਜਿਦ ਦੇ ਬਾਹਰ ਬੰਦੂਕ ਦੀ ਨੋਕ ‘ਤੇ ਇਕ ਹਮਲਾ ਵੀ ਕੀਤਾ ਗਿਆ ਸੀ। ਉਸ ਘਟਨਾ ਵਿੱਚ ਇਮਾਮ ਨੇ ਸ਼ੱਕੀ ਤੋਂ ਗੰਨ ਖੋਹ ਲਈ ਸੀ ਤੇ ਹਮਲਾਵਰ ਮੌਕੇ ਤੋਂ ਭੱਜ ਗਿਆ ਅਤੇ ਫਿਰ ਫੜਿਆ ਨਹੀਂ ਸੀ ਗਿਆ।

ਨੇਵਾਰਕ ਪਬਲਿਕ ਸੇਫਟੀ ਡਾਇਰੈਕਟਰ ਫ੍ਰਿਟਜ਼ ਫਰੇਗੇ ਅਨੁਸਾਰ ਬੁੱਧਵਾਰ ਨੂੰ ਗੋਲੀਬਾਰੀ ਸਵੇਰੇ 6:16 ਵਜੇ ਵਾਪਰੀ, ਜਦੋਂ ਮਸਜਿਦ ਦੇ ਬਾਹਰ ਇੱਕ ਵਿਅਕਤੀ ਨੂੰ ਗੋਲੀ ਮਾਰਨ ਦੀ ਉਹਨਾਂ ਨੂੰ ਸੂਚਨਾ ਦੇਣ ਵਾਲੀ ਇੱਕ ਦੁਖਦਾਈ ਕਾਲ ਤੋਂ ਬਾਅਦ ਪੁਲਸ ਘਟਨਾ ਸਥਾਨ ‘ਤੇ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਇਮਾਮ ਨੂੰ ਨੇਵਾਰਕ ਦੇ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦੁਪਿਹਰ 2:21 ਵਜੇ ਉਸ ਦੀ ਮੌਤ ਹੋ ਗਈ। ਮਾਰੇ ਗਏ  ਮੌਲਵੀ (ਇਮਾਮ) ਹਸਨ ਸ਼ਰੀਫ ਨੇ ਨੇਵਾਰਕ ਮਸਜਿਦ ਵਿੱਚ ਚਾਰ ਸਾਲਾਂ ਤੱਕ ਸੇਵਾ ਕੀਤੀ। ਪੁਲਸ ਨੇ ਕਾਤਲ ਦੀ ਗੁਪਤ ਸੂਚਨਾ ਦੇਣ ਲਈ 25,000 ਹਜ਼ਾਰ ਡਾਲਰ ਦਾ ਇਨਾਮ ਵੀ ਰੱਖਿਆ ਹੈ।

Add a Comment

Your email address will not be published. Required fields are marked *