ਅਜੇ ਗ੍ਰਿਫ਼ਤਾਰ ਨਹੀਂ ਹੋਣਗੇ CM ਕੇਜਰੀਵਾਲ, ਚੌਥਾ ਸੰਮਨ ਭੇਜਣ ਦੀ ਤਿਆਰੀ ‘ਚ ED

ਨਵੀਂ ਦਿੱਲੀ- ਆਬਕਾਰੀ ਨੀਤੀ ਘਪਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਖ਼ਦਸ਼ੇ ਦਰਮਿਆਨ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਹੁਣ ਉਨ੍ਹਾਂ ਨੂੰ ਚੌਥਾ ਸੰਮਨ ਭੇਜਣ ਦੀ ਤਿਆਰੀ ਕਰ ਰਹੀ ਹੈ। ਈਡੀ ਨਾਲ ਜੁੜੇ ਸੂਤਰਾਂ ਮੁਤਾਬਕ ਫ਼ਿਲਹਾਲ ਕੇਜਰੀਵਾਲ ਨੇ ਜੋ ਚਿੱਠੀ ਭੇਜੀ ਹੈ, ਉਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਚੌਥਾ ਸੰਮਨ ਭੇਜਿਆ ਜਾਵੇਗਾ। ਈਡੀ ਨੇ ਅੱਜ ਕੇਜਰੀਵਾਲ ਦੀ ਰਿਹਾਇਸ਼ ‘ਤੇ ਛਾਪੇਮਾਰੀ ਦੇ ਦਾਅਵਿਆਂ ਨੂੰ ਅਫ਼ਵਾਹ ਦੱਸਿਆ ਹੈ।

ਦਰਅਸਲ ਈਡੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 3 ਸੰਮਨ ਜਾਰੀ ਕਰ ਚੁੱਕੀ ਹੈ, ਜਿਸ ‘ਚ ਉਨ੍ਹਾਂ ਨੂੰ ਪੁੱਛ-ਗਿੱਛ ਲਈ ਈਡੀ ਦਫ਼ਤਰ ਬੁਲਾਇਆ ਗਿਆ ਸੀ। ਹਾਲਾਂਕਿ ਤਿੰਨ ਸੰਮਨ ਮਿਲਣ ਮਗਰੋਂ ਵੀ ਹੁਣ ਤੱਕ ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੋਏ ਹਨ। ਉਨ੍ਹਾਂ ਨੇ ਤਿੰਨੋਂ ਸੰਮਨਾਂ ਦੇ ਜਵਾਬ ਵਿਚ ਚਿੱਠੀ ਭੇਜ ਕੇ ਈਡੀ ਨੂੰ ਜਵਾਬ ਦਿੱਤੇ ਹਨ। 

ਕੇਜਰੀਵਾਲ ਨੂੰ ਈਡੀ ਨੇ ਸੰਮਨ ਜਾਰੀ ਕਰ ਕੇ ਪਿਛਲੇ ਸਾਲ 2 ਨਵੰਬਰ ਅਤੇ 21 ਦਸੰਬਰ ਅਤੇ ਇਸ ਸਾਲ 3 ਜਨਵਰੀ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਸੀ। ਕੇਜਰੀਵਾਲ ਨੇ ਈਡੀ ਦੇ ਨੋਟਿਸ ਨੂੰ ਗੈਰ-ਕਾਨੂੰਨੀ ਦੱਸਿਆ। ਏਜੰਸੀ ਵਲੋਂ ਮਨੀ ਲਾਂਡਰਿੰਗ ਰੋਕੂ ਐਕਟ ਦੀਆਂ ਵਿਵਸਥਾਵਾਂ ਤਹਿਤ ਹੁਣ ਕੇਜਰੀਵਾਲ ਨੂੰ ਚੌਥਾ ਸੰਮਨ ਜਾਰੀ ਕੀਤਾ ਜਾ ਸਕਦਾ ਹੈ।

ਦੱਸ ਦੇਈਏ ਕਿ ਬੁੱਧਵਾਰ ਤੋਂ ਹੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਖਦਸ਼ਾ ਜਤਾਉਣਾ ਸ਼ੁਰੂ ਕਰ ਦਿੱਤਾ ਸੀ। ‘ਆਪ’ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਈਡੀ ਅੱਜ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਛਾਪਾ ਮਾਰ ਸਕਦੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਸਕਦੀ ਹੈ। ਦਿੱਲੀ ਸਰਕਾਰ ਦੇ ਮੰਤਰੀਆਂ ਆਤਿਸ਼ੀ, ਸੌਰਭ ਭਾਰਦਵਾਜ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਦਾਅਵਾ ਕੀਤਾ ਸੀ ਕਿ ਈਡੀ ਅੱਜ ਕੇਜਰੀਵਾਲ ਦੇ ਘਰ ਛਾਪਾ ਮਾਰ ਸਕਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

Add a Comment

Your email address will not be published. Required fields are marked *