ਪੰਜਾਬ ‘ਚ ਕੜਾਕੇ ਦੀ ਠੰਡ ਦੌਰਾਨ ਵਿਅਕਤੀ ਦੀ ਮੌਤ

ਲੁਧਿਆਣਾ : ਪੰਜਾਬ ‘ਚ ਪੈ ਰਹੀ ਕੜਾਕ ਦੀ ਠੰਡ ਦੌਰਾਨ ਸਲੇਮ ਟਾਬਰੀ ਦੇ ਇਲਾਕੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਉਸ ਦੀ ਮੌਤ ਠੰਡ ਲੱਗਣ ਕਾਰਨ ਹੋਈ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਮੌਕੇ ’ਤੇ ਪੁੱਜੀ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਪੁਲਸ ਉਸ ਦੀ ਪਛਾਣ ਕਰਨ ’ਚ ਲੱਗੀ ਹੈ। ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਦੇ ਕੁੱਝ ਹਿੱਸਿਆਂ ‘ਚ ਕੋਲਡ ਡੇਅ ਜਾਰੀ ਰਹਿਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਮੁਤਾਬਕ ਹਰਿਆਣਾ ਅਤੇ ਚੰਡੀਗੜ੍ਹ ਦੇ ਕੁੱਝ ਹਿੱਸਿਆਂ ‘ਚ ਬੁੱਧਵਾਰ ਅਤੇ ਉਸ ਤੋਂ ਬਾਅਦ ਅਗਲੇ 2 ਦਿਨਾਂ ਤੱਕ ਵੱਖ-ਵੱਖ ਹਿੱਸਿਆਂ ‘ਚ ਰਾਤ ਅਤੇ ਸਵੇਰ ਦੇ ਸਮੇਂ ਸੰਘਣਾ ਕੋਹਰਾ ਪੈਣ ਦੀ ਸੰਭਾਵਨਾ ਹੈ। ਸਾਲ 2023 ਦੇ ਆਖ਼ਰੀ ਦਿਨ ਵੀ ਤਾਪਮਾਨ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। 31 ਦਸੰਬਰ ਦੀ ਰਾਤ ਦਾ ਤਾਪਮਾਨ 10 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਸੀ। ਅਜਿਹੇ ਵਿਚ ਸੋਮਵਾਰ ਨੂੰ ਹੁਣ ਤੱਕ ਦਾ ਸਭ ਤੋਂ ਠੰਡਾ ਦਿਨ ਰਿਕਾਰਡ ਹੋਇਆ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਤਾਪਮਾਨ ਵਿਚ ਹੋਰ ਗਿਰਾਵਟ ਦੀ ਚਿਤਾਵਨੀ ਵੀ ਦਿੱਤੀ ਹੈ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿਚ ਪੰਜ ਦਿਨ ਧੁੰਦ ਰਹੇਗੀ।

ਇਸ ਦੀ ਘਣਤਾ ਵਿਚ ਥੋੜ੍ਹਾ ਜਿਹਾ ਫ਼ਰਕ ਦੇਖਿਆ ਜਾ ਸਕਦਾ ਹੈ ਪਰ ਧੁੰਦ ਤੋਂ ਹਾਲੇ ਕੋਈ ਰਾਹਤ ਨਹੀਂ ਮਿਲੇਗੀ। ਪੰਜਾਬ ਸਰਕਾਰ ਵੱਲੋਂ ਸਰਦੀ ਨੂੰ ਦੇਖਦਿਆਂ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਕੀਤਾ ਗਿਆ ਹੈ ਪਰ ਬੀਤੀ ਸਵੇਰੇ 10 ਵਜੇ ਦੇ ਲਗਭਗ 9 ਡਿਗਰੀ ਸੈਲਸੀਅਸ ਤਾਪਮਾਨ ਚੱਲ ਰਿਹਾ ਸੀ। ਅਜਿਹੇ ਵਿਚ ਬੱਚਿਆਂ ਨੂੰ ਘਰਾਂ ਵਿਚੋਂ ਬਾਹਰ ਭੇਜਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਬਚਾਅ ਦੇ ਨਾਲ ਸਕੂਲ ਭੇਜਣਾ ਚਾਹੀਦਾ ਹੈ ਅਤੇ ਕੱਪੜਿਆਂ ਦੇ ਹੇਠਾਂ ਇਨਰਵੀਅਰ ਪਾਉਣਾ ਯਕੀਨੀ ਬਣਾਉਣਾ ਚਾਹੀਦਾ ਹੈ। ਗਰਮ ਟੋਪੀ ਤੇ ਦਸਤਾਨੇ ਵੀ ਪੁਆਉਣੇ ਚਾਹੀਦੇ ਹਨ। ਗਰਮ ਜ਼ੁਰਾਬਾਂ ਨਾਲ ਬੱਚਿਆਂ ਦੇ ਪੈਰਾਂ ਨੂੰ ਕਵਰ ਕਰਨਾ ਜ਼ਰੂਰੀ ਹੈ। ਸਿਹਤ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਠੰਡ ਪੈਰਾਂ ਤੋਂ ਅਟੈਕ ਕਰਦੀ ਹੈ, ਇਸ ਲਈ ਪੈਰਾਂ ਦਾ ਬਚਾਅ ਕਰਨਾ ਬਹੁਤ ਜ਼ਰੂਰੀ ਸਮਝਣਾ ਚਾਹੀਦਾ ਹੈ।

Add a Comment

Your email address will not be published. Required fields are marked *