ਕਪਿਲ ਸ਼ਰਮਾ ਨੂੰ ‘ਹਾਰਟ ਅਟੈਕ ਵਾਲੇ ਪਰਾਂਠੇ’ ਖਵਾਉਣੇ ਪਏ ਮਹਿੰਗੇ

ਜਲੰਧਰ – ‘ਹਾਰਟ ਅਟੈਕ ਵਾਲੇ ਪਰਾਂਠੇ’ ਦੇ ਨਾਂ ਨਾਲ ਮਸ਼ਹੂਰ ਵੀਰ ਦਵਿੰਦਰ ਸਿੰਘ ਨੂੰ ਮਾਡਲ ਟਾਊਨ, ਜਲੰਧਰ, ਪੰਜਾਬ ’ਚ ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਸ਼ਰਮਾ ਨੂੰ ਪਰਾਂਠੇ ਖੁਆਉਣਾ ਬਹੁਤ ਮਹਿੰਗਾ ਪਿਆ। ਦੇਰ ਰਾਤ ਤੱਕ ਦੁਕਾਨ ਖੋਲ੍ਹਣ ਦੇ ਦੋਸ਼ ’ਚ ਥਾਣਾ 6 ਦੀ ਪੁਲਸ ਨੇ ਵੀਰ ਦਵਿੰਦਰ ਸਿੰਘ ਖ਼ਿਲਾਫ਼ ਧਾਰਾ 188 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਵੀਰ ਦਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪੁਲਸ ਨੇ ਉਸ ਨਾਲ ਕੁੱਟਮਾਰ ਕਰਕੇ ਕਮਰੇ ’ਚ ਬੰਦ ਕਰ ਦਿੱਤਾ।

ਜਲੰਧਰ ਪ੍ਰੈੱਸ ਕਲੱਬ ’ਚ ਕੀਤੀ ਗਈ ਕਾਨਫਰੰਸ ’ਚ ਵੀਰ ਦਵਿੰਦਰ ਸਿੰਘ ਨੇ ਐੱਸ. ਐੱਚ. ਓ. ਅਜਾਇਬ ਸਿੰਘ ’ਤੇ ਦੋਸ਼ ਲਗਾਇਆ ਹੈ ਕਿ ਉਹ ਪਰਾਂਠੇ ਬਣਾ ਕੇ ਆਪਣਾ ਘਰ ਚਲਾ ਰਿਹਾ ਹੈ ਤੇ ਰਾਤ ਸਮੇਂ ਮਾਡਲ ਟਾਊਨ ’ਚ ਆਪਣੀ ਦੁਕਾਨ ਚਲਾ ਰਿਹਾ ਹੈ। ਹਾਲ ਹੀ ’ਚ ਕਾਮੇਡੀਅਨ ਕਪਿਲ ਸ਼ਰਮਾ ਦੋ ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਉਨ੍ਹਾਂ ਦੀ ਦੁਕਾਨ ’ਤੇ ‘ਹਾਰਟ ਅਟੈਕ ਵਾਲੇ ਪਰਾਂਠੇ’ ਖਾਣ ਪਹੁੰਚੇ ਸਨ। ਪੁਲਸ ਨੂੰ ਜਿਵੇਂ ਹੀ ਪਤਾ ਲੱਗਾ ਕਿ ਕਪਿਲ ਸ਼ਰਮਾ ਉਥੇ ਆ ਗਿਆ ਹੈ ਤਾਂ ਐੱਸ. ਐੱਚ. ਓ. ਨੇ ਉਸ ਦੀ ਕੁੱਟਮਾਰ ਕੀਤੀ ਤੇ ਕਈ ਘੰਟੇ ਕਮਰੇ ’ਚ ਬੰਦ ਰੱਖਿਆ। ਉਨ੍ਹਾਂ ਨਾਲ ਮਾੜਾ ਸਲੂਕ ਕੀਤਾ। ਹੁਣ ਵੀਰ ਦਵਿੰਦਰ ਸਿੰਘ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਥਾਣੇ ਦੇ ਐੱਸ. ਐੱਚ. ਓ. ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਦੂਜੇ ਪਾਸੇ ਐੱਸ. ਐੱਚ. ਓ. ਅਜਾਇਬ ਸਿੰਘ ਨੇ ਦੱਸਿਆ ਕਿ ਇਲਾਕਾ ਵਾਸੀਆਂ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ। ਵੀਰ ਦਵਿੰਦਰ ਸਿੰਘ ਰਾਤ 10 ਵਜੇ ਤੋਂ 2 ਵਜੇ ਤੱਕ ਪਰਾਂਠੇ ਪਰੋਸਣ ਦਾ ਕੰਮ ਕਰਦਾ ਹੈ। ਜੋ ਲੋਕ ਖਾਣ ਲਈ ਇਸ ਦੇ ਨੇੜੇ ਆਉਂਦੇ ਹਨ, ਗੰਦਗੀ ਫੈਲਾਉਂਦੇ ਹਨ। ਐੱਸ. ਪੀ. ਹੈੱਡਕੁਆਰਟਰ ਨੇ ਵੀਰ ਦਵਿੰਦਰ ਸਿੰਘ ਨੂੰ ਵੀ ਸਮਝਾਇਆ ਸੀ ਪਰ ਉਹ ਫਿਰ ਵੀ ਨਹੀਂ ਮੰਨੇ। ਜਦੋਂ ਪੁਲਸ ਮੁਲਾਜ਼ਮ ਉਸ ਕੋਲ ਭੇਜੇ ਗਏ ਤਾਂ ਉਸ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ, ਜਿਸ ਦੀਆਂ ਸਾਰੀਆਂ ਵੀਡੀਓਜ਼ ਉਨ੍ਹਾਂ ਕੋਲ ਹਨ। ਇਸ ਤੋਂ ਬਾਅਦ ਵੀਰ ਦਵਿੰਦਰ ਸਿੰਘ ਖ਼ਿਲਾਫ਼ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ।

ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਨਾਲ ਜਲੰਧਰ ਸਥਿਤ ਆਪਣੇ ਸਹੁਰੇ ਘਰ ਪਹੁੰਚੇ ਸਨ। ਇਥੇ ਉਨ੍ਹਾਂ ਨੇ ਮਾਡਲ ਟਾਊਨ ਦੇ ਮਸ਼ਹੂਰ ‘ਹਾਰਟ ਅਟੈਕ ਵਾਲੇ ਦੇਸੀ ਘਿਓ ਦੇ ਪਰਾਂਠੇ’ ਦਾ ਸਵਾਦ ਲਿਆ। ਕਪਿਲ ਸ਼ਰਮਾ ਨੇ ਵੀ ਪਰਾਂਠੇ ਖਾ ਕੇ ਵੀਰ ਦਵਿੰਦਰ ਦੀ ਖ਼ੂਬ ਤਾਰੀਫ਼ ਕੀਤੀ ਸੀ। ਉਸ ਨੇ ਵੀ ਉਸੇ ਸੜਕ ’ਤੇ ਖੜ੍ਹੇ ਹੋ ਕੇ ਚਾਹ ਪੀਤੀ।

ਕਪਿਲ ਸ਼ਰਮਾ ਨੇ ਦੱਸਿਆ ਸੀ ਕਿ ਜਦੋਂ ਉਹ ਮੁੰਬਈ ’ਚ ਸਨ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਜਲੰਧਰ ਦੇ ‘ਹਾਰਟ ਅਟੈਕ ਵਾਲੇ ਪਰਾਂਠੇ’ ਦੀ ਵੀਡੀਓ ਦੇਖੀ ਸੀ। ਇਸ ਤੋਂ ਬਾਅਦ ਉਸ ਨੇ ਜਲੰਧਰ ਆ ਕੇ ਇਸ ਦਾ ਸਵਾਦ ਲੈਣ ਦਾ ਫ਼ੈਸਲਾ ਕੀਤਾ। ਦੇਰ ਰਾਤ ਉਹ ਆਪਣੀ ਪਤਨੀ ਗਿੰਨੀ ਨਾਲ ਮਾਡਲ ਟਾਊਨ ਦੇ ਮਸ਼ਹੂਰ ‘ਹਾਰਟ ਅਟੈਕ ਵਾਲੇ ਦੇਸੀ ਘਿਓ ਦੇ ਪਰਾਂਠੇ’ ਖਾਣ ਆਇਆ ਸੀ। ਕਪਿਲ ਨੂੰ ਇਹ ਪਰਾਂਠੇ ਬਹੁਤ ਪਸੰਦ ਆਏ। ਪਰਾਂਠੇ ਖਾਣ ਤੋਂ ਬਾਅਦ ਕਪਿਲ ਨੇ ਕਿਹਾ, ‘‘ਇਹ ਹੈ ਪੰਜਾਬ ਦੇ ਅਸਲੀ ਦੇਸੀ ਘਿਓ ਦਾ ਸਵਾਦ।’’

Add a Comment

Your email address will not be published. Required fields are marked *