ਬਿਨਾਂ ਕੋਚਿੰਗ ਤੋਂ ਬੈਡਮਿੰਟਨ ’ਚ ਪ੍ਰਾਚੀ ਨੇ ਤਿੰਨ ਮੈਚ ਜਿੱਤੇ

ਭੁੱਚੋ ਮੰਡੀ, 17 ਸਤੰਬਰ

ਇੱਥੋਂ ਦੇ ਸਰਕਾਰੀ ਗਰਲਜ਼ ਹਾਈ ਸਕੂਲ ਦੀ ਨੌਵੀਂ ਜਮਾਤ ਵਿੱਚ ਪੜ੍ਹਦੀ ਲੋੜਵੰਦ ਪਰਿਵਾਰ ਦੀ ਵਿਦਿਆਰਥਣ ਪ੍ਰਾਚੀ ਵੱਲੋਂ ਬਿਨਾਂ ਕਿਸੇ ਕੋਚਿੰਗ ਦੇ ਜ਼ਿਲ੍ਹਾ ਬਠਿੰਡਾ ਵਿੱਚ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਬੈੱਡਮਿੰਟਨ ਦੇ ਤਿੰਨੇ ਮੈਚ ਜਿੱਤ ਲਏ। ਹੁਣ ਪ੍ਰਾਚੀ ਜ਼ਿਲ੍ਹਾ ਬਠਿੰਡਾ ਵੱਲੋਂ ਸੂਬਾ ਪੱਧਰੀ ਬੈੱਡਮਿੰਟਨ ਟੂਰਨਾਮੈਂਟ ਖੇਡਣ ਲਈ ਜਾਵੇਗੀ। ਵਾਰਡ ਨੰਬਰ 12 ਦੀ ਵਾਸੀ ਪ੍ਰਾਚੀ ਦੇ ਮਾਤਾ ਪਿਤਾ ਨਹੀਂ ਹਨ। ਉਸ ਦਾ ਪਾਲਣ ਪੋਸ਼ਣ ਉਸ ਦੇ ਦਾਦਾ ਦਾਦੀ ਕਰ ਰਹੇ ਹਨ। ਪ੍ਰਾਚੀ ਨੇ ਦੱਸਿਆ ਕਿ ਪੀਵੀ ਸਿੰਧੂ ਨੂੰ ਟੀਵੀ ’ਤੇ ਬੈਡਮਿੰਟਨ ਖੇਡਦੇ ਦੇਖ ਕੇ ਉਸ ਦੇ ਮਨ ਵਿੱਚ ਵੀ ਬੈੱਡਮਿੰਟਨ ਖੇਡਣ ਦਾ ਜਨੂੰਨ ਪੈਦਾ ਹੋ ਗਿਆ। ਜਦੋਂ ਪ੍ਰਾਚੀ ਸਕੂਲ ਵੱਲੋਂ ਬਠਿੰਡਾ ਵਿੱਚ ਖੇਡਣ ਗਈ ਤਾਂ ਉਸ ਕੋਲ ਸਪੋਰਟਸ ਬੂਟ ਨਹੀਂ ਸਨ। ਉਸ ਨੇ ਸਾਦੀ ਜੁੱਤੀ ਪਾਈ ਹੋਈ ਸੀ ਅਤੇ ਉਸ ਦਾ ਰੈਕੇਟ ਵੀ ਸਾਦਾ ਸੀ। ਜਦੋਂ ਉਸ ਨੂੰ ਸਾਧਾਰਨ ਜੁੱਤੀਆਂ ਨਾਲ ਖੇਡਣ ’ਚ ਦਿੱਕਤ ਆਈ ਤਾਂ ਉਸ ਨੇ ਨੰਗੇ ਪੈਰੀਂ ਮੈਚ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਸਾਧਾਰਨ ਰੈਕੇਟ ਨਾਲ ਉਸ ਨੇ ਤਿੰਨੇ ਮੈਚ ਜਿੱਤ ਲਏ। ਸਕੂਲ ਦੀ ਮੁੱਖ ਅਧਿਆਪਕਾ ਗੁਰਪ੍ਰੀਤ ਕੌਰ, ਇੰਚਾਰਜ ਅਨੂ ਗੁਪਤਾ, ਅਮਨਦੀਪ ਕੌਰ, ਪੀਟੀ ਸਤਵੀਰ ਸਿੰਘ, ਡੀਪੀ ਰੇਸ਼ਮ ਸਿੰਘ ਨੇ ਪ੍ਰਾਚੀ ਦੀ ਹੌਸਲਾ ਅਫਜ਼ਾਈ ਕੀਤੀ।

Add a Comment

Your email address will not be published. Required fields are marked *