ਪਾਕਿ ਨੇ ਅਫਗਾਨਿਸਤਾਨ ਦੇ ਅੰਤਰਿਮ ਵਿਦੇਸ਼ ਮੰਤਰੀ ਦੇ ਦਾਅਵੇ ਨੂੰ ਕੀਤਾ ਖਾਰਿਜ

ਇਸਲਾਮਾਬਾਦ – ਪਾਕਿਸਤਾਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਅਫਗਾਨਿਸਤਾਨ ਦੇ ਅੰਤਰਿਮ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਦੇ ਉਸ ਦਾਅਵੇ ਨੂੰ ਖਾਰਿਜ ਕਰ ਦਿੱਤਾ, ਜਿਸ ’ਚ ਉਸ ਨੇ ਕਿਹਾ ਹੈ ਕਿ ਪਾਕਿਸਤਾਨ ਆਖਰੀ ਸਮੇਂ ’ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨਾਲ ਸਮਝੌਤੇ ਤੋਂ ਪਿੱਛੇ ਹਟ ਗਿਆ ਹੈ। ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਗੱਲਬਾਤ ਖਤਰਨਾਕ ਅੱਤਵਾਦੀ ਸੰਗਠਨ ਦੀਆਂ ਗੈਰ-ਵਾਜ਼ਿਬ ਅਤੇ ਗੈਰ-ਸੰਵਿਧਾਨਕ ਮੰਗਾਂ ਕਾਰਨ ਬੇਨਤੀਜਾ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀ ਨੇ ਕਿਹਾ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਗੱਲਬਾਤ ਦੇ ਬਹਾਨੇ ਅਫਗਾਨ ਤਾਲਿਬਾਨ ਦੇ ਮੌਨ ਸਮਰਥਨ ਨਾਲ ਕਬਾਇਲੀ ਇਲਾਕਿਆਂ ’ਚ ਆਪਣਾ ‘ਸਾਮਰਾਜ’ ਸਥਾਪਿਤ ਕਰਨਾ ਚਾਹੁੰਦਾ ਹੈ। ਇਕ ਅਖ਼ਬਾਰ ਮੁਤਾਬਕ ਪਿਛਲੇ ਹਫ਼ਤੇ ਤਹਿਰਾਨ ’ਚ ਫਿਲਸਤੀਨ ’ਤੇ ਇਕ ਸੰਮੇਲਨ ’ਚ ਅਫਗਾਨਿਸਤਾਨ ਦੇ ਅੰਤਰਿਮ ਵਿਦੇਸ਼ ਮੰਤਰੀ ਮੁਤਾਕੀ ਅਤੇ ਪਾਕਿਸਤਾਨ ਦੇ ਸੰਸਦ ਮੈਂਬਰ ਮੁਸ਼ਾਹਿਦ ਹੁਸੈਨ ਸਈਅਦ ਵਿਚਾਲੇ ਗੈਰ-ਰਸਮੀ ਗੱਲਬਾਤ ਦੌਰਾਨ ਤਾਲਿਬਾਨ ਨੇਤਾ ਨੇ ਕਿਹਾ ਕਿ ਪਾਕਿਸਤਾਨ ਅਤੇ ਟੀ. ਟੀ. ਪੀ. ਵਿਚਾਲੇ ਜ਼ਿਆਦਾਤਰ ਮੁੱਦੇ 2022 ਵਿੱਚ ਹੱਲ ਹੋ ਗਏ ਸਨ। 

ਉਸ ਨੇ ਦਲੀਲ ਦਿੱਤੀ ਕਿ ਵਿਵਾਦ ਦਾ ਇਕੋ-ਇਕ ਮੁੱਦਾ ਸਾਬਕਾ ‘ਸੰਘੀ ਪ੍ਰਸ਼ਾਸਿਤ ਕਬਾਇਲੀ ਖੇਤਰਾਂ’ (ਐੱਫ. ਏ. ਟੀ. ਏ.) ਦੇ ਰਲੇਵੇਂ ਨੂੰ ਲੈ ਕੇ ਸੀ। ਮੁਤਾਕੀ ਨੇ ਕਿਹਾ ਕਿ ਜਦੋਂ ਦੋਵੇਂ ਧਿਰਾਂ ਸਮਝੌਤੇ ਨੂੰ ਅੰਤਿਮ ਰੂਪ ਦੇਣ ਬਿਲਕੁੱਲ ਨੇੜੇ ਸਨ, ਤਾਂ ਪਾਕਿਸਤਾਨ ਇਸ ਤੋਂ ਮੁੱਕਰ ਗਿਆ। ਹਾਲਾਂਕਿ ਮਾਮਲੇ ਤੋਂ ਜਾਣੂ ਇਕ ਪਾਕਿਸਤਾਨੀ ਅਧਿਕਾਰੀ ਨੇ ਮੁਤਾਕੀ ਦੇ ਬਿਆਨ ਨੂੰ ਬੇਤੁਕਾ ਦੱਸਦਿਆਂ ਕਿਹਾ ਕਿ ਅਫਗਾਨਿਸਤਾਨ ਦਾ ਬਿਆਨ ਸਹੀ ਨਹੀਂ ਹੈ। ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਟੀ. ਟੀ. ਪੀ. ਦੀਆਂ ਗੈਰ-ਵਾਜ਼ਿਬ ਅਤੇ ਗੈਰ-ਸੰਵਿਧਾਨਕ ਮੰਗਾਂ ਕਾਰਨ ਗੱਲਬਾਤ ਅਸਫ਼ਲ ਰਹੀ ਸੀ।

Add a Comment

Your email address will not be published. Required fields are marked *