ਆਸਕਰ ਜੇਤੂ ਫ਼ਿਲਮ ‘ਪੈਰਾਸਾਈਟ’ ਦੇ ਅਦਾਕਾਰ ਲੀ-ਸੁਨ-ਕਿਊਨ ਦੀ ਮੌਤ

ਮੁੰਬਈ – ਦੱਖਣੀ ਕੋਰੀਆਈ ਫ਼ਿਲਮ ਇੰਡਸਟਰੀ ਤੋਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਆਸਕਰ ਜੇਤੂ ਫ਼ਿਲਮ ‘ਪੈਰਾਸਾਈਟ’ ਦੇ ਅਦਾਕਾਰ ਲੀ-ਸੁਨ-ਕਿਊਨ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਬੁੱਧਵਾਰ 27 ਦਸੰਬਰ ਨੂੰ ਸਿਓਲ ’ਚ ਮ੍ਰਿਤਕ ਪਾਇਆ ਗਿਆ ਸੀ। ਲੀ 48 ਸਾਲ ਦੇ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਰਾਇਟਰਜ਼ ਦੇ ਅਨੁਸਾਰ ਲੀ-ਸੁਨ-ਕਿਊਨ ਇਕ ਪਾਰਕ ’ਚ ਆਪਣੀ ਕਾਰ ਦੇ ਅੰਦਰ ਬੇਹੋਸ਼ ਪਾਏ ਗਏ ਸਨ। ਯੋਨਹਾਪ ਨਿਊਜ਼ ਏਜੰਸੀ ਨੇ ਦੱਸਿਆ ਕਿ ਲੀ ਨੂੰ 27 ਦਸੰਬਰ ਨੂੰ ਗੱਡੀ ਦੇ ਅੰਦਰ ਮ੍ਰਿਤਕ ਪਾਇਆ ਗਿਆ ਸੀ। ਅਦਾਕਾਰ ਦੇ ਘਰ ਛੱਡਣ ਤੋਂ ਬਾਅਦ ਲੀ ਦੀ ਪਤਨੀ ਨੂੰ ਇਕ ਨੋਟ ਮਿਲਿਆ। ਉਨ੍ਹਾਂ ਨੂੰ ਇਹ ਸੁਸਾਈਡ ਨੋਟ ਵਰਗਾ ਲੱਗਾ। ਫਿਰ ਲੀ ਦੀ ਪਤਨੀ ਨੇ ਤੁਰੰਤ ਪੁਲਸ ਨਾਲ ਸੰਪਰਕ ਕੀਤਾ। ਸਥਾਨਕ ਪੁਲਸ ਨੂੰ ਸ਼ੱਕ ਹੈ ਕਿ ਅਦਾਕਾਰ ਨੇ ਖ਼ੁਦਕੁਸ਼ੀ ਕੀਤੀ ਹੈ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਲੀ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸੋਗ ਦੀ ਲਹਿਰ ਹੈ। ਹਰ ਕੋਈ ਨਮ ਅੱਖਾਂ ਨਾਲ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਬਹੁਤ ਸਾਰੇ ਵਿਸ਼ਵਾਸ ਨਹੀਂ ਕਰ ਸਕਦੇ ਕਿ ਲੀ ਹੁਣ ਨਹੀਂ ਰਹੇ। ਸੈਲੇਬਸ ਨੇ ਵੀ ਲੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।

ਦੱਖਣੀ ਕੋਰੀਆਈ ਅਦਾਕਾਰ ਲੀ-ਸੁਨ-ਕਿਊਨ ਦਾ ਜਨਮ 1975 ’ਚ ਹੋਇਆ ਸੀ। ਉਸ ਨੇ ਫ਼ਿਲਮ ‘ਪੈਰਾਸਾਈਟ’ ’ਚ ਇਕ ਅਮੀਰ ਪਿਤਾ ਦੀ ਭੂਮਿਕਾ ਨਿਭਾਈ ਸੀ। ਅਦਾਕਾਰ ਨੇ ਕਈ ਮਸ਼ਹੂਰ ਕੋਰੀਅਨ ਫ਼ਿਲਮਾਂ ’ਚ ਮੁੱਖ ਭੂਮਿਕਾਵਾਂ ਨਿਭਾਈਆਂ। ਇਨ੍ਹਾਂ ’ਚ ‘ਹੈਲਪਲੈੱਸ’, ‘ਆਲ ਅਬਾਊਟ ਮਾਈ ਵਾਈਫ’, ‘ਮਾਈ ਮਿਸਟਰ’, ‘ਮਿਸ ਕੋਰੀਆ’ ਤੇ ‘ਏ ਹਾਰਡ ਡੇ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਲੀ Apple TV+ ਦੀ ਪਹਿਲੀ ਕੋਰੀਅਨ ਮੂਲ ਸੀਰੀਜ਼ ‘ਡਾਕਟਰ ਬ੍ਰੇਨ’ ਦਾ ਵੀ ਹਿੱਸਾ ਸਨ। ਇਹ 6 ਐਪੀਸੋਡਸ ਦੀ ਸੀਰੀਜ਼ 2021 ’ਚ ਰਿਲੀਜ਼ ਹੋਈ ਸੀ। ਲੀ ਕਈ ਸਾਲਾਂ ਤੋਂ ਦੱਖਣੀ ਕੋਰੀਆਈ ਉਦਯੋਗ ਦਾ ਹਿੱਸਾ ਸਨ। ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਫ਼ਿਲਮ ‘ਪੈਰਾਸਾਈਟ’ ਸੀ।

ਪਿਛਲੇ ਕੁਝ ਮਹੀਨਿਆਂ ਤੋਂ ਅਦਾਕਾਰ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਰਤੋਂ ਨੂੰ ਲੈ ਕੇ ਜਾਂਚ ਚੱਲ ਰਹੀ ਸੀ। ਲੀ ਨੇ ਕਿਹਾ ਕਿ ਉਸ ਨੇ ਗਲਤੀ ਨਾਲ ਇਕ ਨਾਈਟ ਕਲੱਬ ’ਚ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਸੀ। ਅਦਾਕਾਰ ਨੇ ਕਿਹਾ ਸੀ, ‘‘ਮੈਂ ਇਸ ਨੂੰ ਨੱਕ ਰਾਹੀਂ ਲਿਆ, ਪਾਈਪ ਦੀ ਵਰਤੋਂ ਕੀਤੀ ਪਰ ਮੈਂ ਸੋਚਿਆ ਕਿ ਇਹ ਨੀਂਦ ਦੀਆਂ ਗੋਲੀਆਂ ਸਨ। ਮੈਨੂੰ ਨਹੀਂ ਪਤਾ ਸੀ ਕਿ ਇਹ ਨਸ਼ਾ ਸੀ।’’

Add a Comment

Your email address will not be published. Required fields are marked *