ਪੰਜਾਬ ਦੇ ਜਸਕਰਨ ਨੇ ‘KBC 15’ ਤੋਂ ਜਿੱਤਿਆ 1 ਕਰੋੜ

ਮੁੰਬਈ – ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਸ਼ੋਅ ‘ਕੌਨ ਬਣੇਗਾ ਕਰੋੜਪਤੀ’ ਦਾ 15ਵਾਂ ਸੀਜ਼ਨ 14 ਅਗਸਤ 2023 ਤੋਂ ਸ਼ੁਰੂ ਹੋਇਆ ਹੈ। ਸ਼ੋਅ ‘ਚ ਕਈ ਪ੍ਰਤੀਯੋਗੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਵੱਡੀ ਰਕਮ ਜਿੱਤ ਰਹੇ ਹਨ। ਹੁਣ ਤੱਕ ਸ਼ੋਅ ਨੂੰ ਕੋਈ ਅਜਿਹਾ ਪ੍ਰਤੀਯੋਗੀ ਨਹੀਂ ਮਿਲਿਆ ਸੀ, ਜਿਸ ਦੇ ਨਾਂ ‘ਤੇ ਇਕ ਕਰੋੜ ਰੁਪਏ ਦੀ ਰਕਮ ਹੋਵੇ। ਇਕ ਕਰੋੜ ਦੇ ਸਵਾਲ ‘ਤੇ ਪਹੁੰਚਣ ਤੋਂ ਬਾਅਦ ਕਈ ਮੁਕਾਬਲੇਬਾਜ਼ ਛੱਡ ਦਿੰਦੇ ਹਨ ਪਰ ਹੁਣ ਆਉਣ ਵਾਲੇ ਐਪੀਸੋਡ ‘ਚ 15ਵੇਂ ਸੀਜ਼ਨ ਦੇ ਪਹਿਲੇ ਕਰੋੜਪਤੀ ਨੂੰ ਦਿਖਾਇਆ ਗਿਆ ਹੈ। ਇਸ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਮੁਕਾਬਲੇਬਾਜ਼ ਜਸਕਰਨ ਨੇ 1 ਕਰੋੜ ਦੀ ਰਕਮ ਜਿੱਤੀ ਹੈ। ਅਜਿਹੇ ‘ਚ ਹੁਣ ਉਨ੍ਹਾਂ ਦੇ ਸਾਹਮਣੇ 7 ਕਰੋੜ ਰੁਪਏ ਦਾ ਸਵਾਲ ਆਵੇਗਾ।

ਪ੍ਰੋਮੋ ‘ਚ ਦਿਖਾਇਆ ਗਿਆ ਸੀ ਕਿ ਅਮਿਤਾਭ ਬੱਚਨ ਨੇ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਜਸਕਰਨ ਨੂੰ ਇੱਕ ਕਰੋੜ ਰੁਪਏ ਜਿੱਤਣ ਦਾ ਐਲਾਨ ਕੀਤਾ ਅਤੇ ਉਸ ਕੋਲ ਜਾ ਕੇ ਉਸ ਨੂੰ ਜੱਫੀ ਪਾਉਂਦੇ ਹਨ। ਜਸਕਰਨ ਦੀ ਖੁਸ਼ੀ ਵੀ ਸੱਤਵੇਂ ਆਸਮਾਨ ‘ਤੇ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਹੀ ਜਸਕਰਨ ਦਾ ਸਫ਼ਰ ਦਿਖਾਇਆ ਗਿਆ, ਜਿਸ ‘ਚ ਉਹ ਦੱਸਦਾ ਹੈ ਕਿ ਉਹ ਪੰਜਾਬ ਦੇ ਪਿੰਡ ਖਾਲੜਾ ਦਾ ਵਸਨੀਕ ਹੈ, ਜੋ ਕਿ ਬਹੁਤ ਛੋਟਾ ਪਿੰਡ ਹੈ। ਜਸਕਰਨ ਦੱਸਦਾ ਹੈ ਕਿ ਉਸ ਦੇ ਪਿੰਡ ਦੇ ਗਿਣੇ- ਚੁਣੇ ਹੋਏ ਲੋਕ ਹੀ ਗ੍ਰੈਜੂਏਟ ਹਨ ਅਤੇ ਉਹ ਉਨ੍ਹਾਂ ਲੋਕਾਂ ‘ਚ ਆਉਂਦਾ ਹੈ। ਉਸ ਨੂੰ ਆਪਣੇ ਪਿੰਡ ਤੋਂ ਕਾਲਜ ਜਾਣ ਲਈ ਚਾਰ ਘੰਟੇ ਲੱਗ ਜਾਂਦੇ ਹਨ। ਜਸਕਰਨ ਸਿਵਲ ਸੇਵਾਵਾਂ ਲਈ ਤਿਆਰੀ ਕਰ ਰਿਹਾ ਹੈ। ਅਗਲੇ ਸਾਲ ਉਹ ਪਹਿਲੀ ਵਾਰ ਪੇਪਰ ਦੇਵੇਗਾ। ਜਸਕਰਨ ਦਾ ਕਹਿਣਾ ਹੈ ਕਿ ‘ਕੇਬੀਸੀ’ ਤੋਂ ਜਿੱਤੀ ਗਈ ਰਕਮ ਉਸ ਦੀ ਪਹਿਲੀ ਕਮਾਈ ਹੈ।

ਜਸਕਰਨ ਦੇ ਸਫ਼ਰ ਤੋਂ ਬਾਅਦ ਹੀ ਅਮਿਤਾਭ ਬੱਚਨ ਉਸ ਨੂੰ 16ਵਾਂ ਸਵਾਲ ਪੁੱਛਦੇ ਨਜ਼ਰ ਆਉਂਦੇ ਹਨ। ਦੱਸ ਦੇਈਏ ਕਿ 16ਵੇਂ ਸਵਾਲ ਦਾ ਸਹੀ ਜਵਾਬ ਦੇਣ ਵਾਲੇ ਪ੍ਰਤੀਯੋਗੀ ਨੂੰ 7 ਕਰੋੜ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਅਜਿਹੇ ‘ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਜਸਕਰਨ ਇਸ ਸਵਾਲ ਦਾ ਸਹੀ ਜਵਾਬ ਦੇ ਕੇ 7 ਕਰੋੜ ਰੁਪਏ ਜਿੱਤਣ ਵਾਲੇ ਇਸ ਸੀਜ਼ਨ ਦੇ ਪਹਿਲੇ ਮੁਕਾਬਲੇਬਾਜ਼ ਬਣ ਜਾਣਗੇ ਜਾਂ 1 ਕਰੋੜ ਰੁਪਏ ਲੈ ਕੇ ਘਰ ਚਲੇ ਜਾਣਗੇ।

ਦੱਸ ਦੇਈਏ ਕਿ ‘ਕੌਨ ਬਣੇਗਾ ਕਰੋੜਪਤੀ’ ਦੇ 15ਵੇਂ ਸੀਜ਼ਨ ‘ਚ ਦੋ ਵੱਡੇ ਬਦਲਾਅ ਹੋਏ ਹਨ। ਨਵੀਂ ਲਾਈਫਲਾਈਨ ਡਬਲ ਡਿੱਪ ਪੇਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼ੋਅ ‘ਚ ਸੁਪਰ ਸੰਦੂਕ ਨਾਮ ਦਾ ਇੱਕ ਨਵਾਂ ਫਾਰਮੈਟ ਆਇਆ ਹੈ। ਇਹ ਦੋ ਕੀ ਹਨ? ਅਸੀਂ ਤੁਹਾਨੂੰ ਇਹ ਜਾਣਕਾਰੀ ਦਿੰਦੇ ਹਾਂ। ਇਸ ਦੇ ਨਾਲ ਹੀ ਇਸ ਸੀਜ਼ਨ ‘ਚ ਡਬਲ ਡਿਪ ਦਾ ਨਵਾਂ ਸੰਕਲਪ ਵੀ ਆਇਆ ਹੈ। ਇਹ ਇੱਕ ਅਜਿਹੀ ਲਾਈਫਲਾਈਨ ਹੈ, ਜਿਸ ਦੀ ਵਰਤੋਂ ਕਰਕੇ ਪ੍ਰਤੀਯੋਗੀ ਇੱਕ ਸਵਾਲ ਦਾ ਦੋ ਵਾਰ ਜਵਾਬ ਦੇ ਸਕਦਾ ਹੈ। ਯਾਨੀ ਜੇਕਰ ਇਸ ਲਾਈਫਲਾਈਨ ਨੂੰ ਚੁਣਨ ਤੋਂ ਬਾਅਦ, ਉਹ ਕਿਸੇ ਸਵਾਲ ਦਾ ਗ਼ਲਤ ਜਵਾਬ ਦਿੰਦਾ ਹੈ ਤਾਂ ਉਹ ਇੱਕ ਵਾਰ ਹੋਰ ਕੋਸ਼ਿਸ਼ ਕਰ ਸਕਦਾ ਹੈ ਯਾਨੀ ਇੱਕ ਵਾਰ ਫਿਰ ਜਵਾਬ ਚੁਣ ਸਕਦਾ ਹੈ।

‘ਕੌਨ ਬਣੇਗਾ ਕਰੋੜਪਤੀ’ ਦੇ 15ਵੇਂ ਸੀਜ਼ਨ ‘ਚ ਸੁਪਰ ਸੰਦੂਕ ਦਾ ਨਵਾਂ ਸੰਕਲਪ ਪੇਸ਼ ਕੀਤਾ ਗਿਆ ਹੈ। ਇਸ ‘ਚ ਇੱਕ ਮਿੰਟ ‘ਚ ਇੱਕ ਰੈਪਿਡ ਫਾਇਰ ਪੁੱਛਿਆ ਜਾਂਦਾ ਹੈ। ਯਾਨੀਕਿ ਲਗਾਤਾਰ ਕਈ ਸਵਾਲ ਪੁੱਛੇ ਜਾਂਦੇ ਹਨ, ਜਿਹੜੇ ਸਵਾਲ ਦਾ ਜਵਾਬ ਨਾ ਪਤਾ ਹੋਵੇ, ਉਸ ਪ੍ਰਤੀਯੋਗੀ ਨੂੰ ਪਾਸ ਕਰ ਦਿੰਦਾ ਹੈ। ਹਰੇਕ ਸਵਾਲ ਦੇ ਸਹੀ ਜਵਾਬ ਲਈ 10,000 ਰੁਪਏ ਮਿਲਦੇ ਹਨ। ਜੇਕਰ ਪ੍ਰਤੀਯੋਗੀ 50 ਹਜ਼ਾਰ ਰੁਪਏ ਦੀ ਰਕਮ ਜਿੱਤਦਾ ਹੈ ਤਾਂ ਉਹ ਇਨ੍ਹਾਂ ਪੈਸਿਆਂ ਨਾਲ ਲਾਈਫਲਾਈਨ ਨੂੰ ਮੁੜ ਜ਼ਿੰਦਾ ਕਰ ਸਕਦਾ ਹੈ, ਯਾਨੀਕਿ ਇਕ ਲਾਈਫਲਾਈਨ ਜ਼ਿੰਦਾ ਕਰਨ ਦੀ ਕੀਮਤ 50 ਹਜ਼ਾਰ ਰੁਪਏ ਹੁੰਦੀ ਹੈ।

Add a Comment

Your email address will not be published. Required fields are marked *