ਸੁਰਖੀਆਂ ‘ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, 5 ਗੈਂਗਸਟਰ ਗ੍ਰਿਫ਼ਤਾਰ

ਕਪੂਰਥਲਾ -ਪੰਜਾਬ ਦੀਆਂ ਜੇਲ੍ਹਾਂ ’ਚ ਗੈਂਗਸਟਰਾਂ ਅਤੇ ਹੋਰ ਕੈਦੀਆਂ ਦਰਮਿਆਨ ਲੜਾਈ-ਝਗੜੇ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਹਾਈਕੋਰਟ ਵੱਲੋਂ ਹਾਲ ਹੀ ਵਿਚ ਨੋਟਿਸ ਲੈਣ ਤੋਂ ਬਾਅਦ ਕਪੂਰਥਲਾ ਪੁਲਸ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਦੌਰਾਨ ਕਪੂਰਥਲਾ ਕੇਂਦਰੀ ਜੇਲ੍ਹ ਕਪੂਰਥਲਾ ਅਤੇ ਜਲੰਧਰ ’ਚ ਕੈਦੀ ਧੜਿਆਂ ’ਚ ਹੋਏ ਤਕਰਾਰ ਦੇ ਦੋ ਪੁਰਾਣੇ ਕੇਸਾਂ ਵਿਚ ਥਾਣਾ ਕੋਤਵਾਲੀ ਦੀ ਪੁਲਸ ਨੇ 5 ਗੈਂਗਸਟਰ ਕੈਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਪਲਵਿੰਦਰ ਸਿੰਘ ਨੇ ਦੱਸਿਆ ਕਿ ਕੈਦੀਆਂ ਦੀਆਂ ਲੜਾਈਆਂ ਦੇ ਦੋ ਮਾਮਲਿਆਂ ਨਾਲ ਸਬੰਧਤ 5 ਮੁਲਜ਼ਮਾਂ ਨੂੰ ਜੇਲ੍ਹ ਵਿਚੋਂ ਪੁੱਛਗਿੱਛ ਲਈ ਲਿਆਂਦਾ ਗਿਆ ਅਤੇ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਉਪਰੋਕਤ ਕੇਸਾਂ ਵਿਚ ਨਾਮਜ਼ਦ ਹੋਰ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾਵੇਗੀ।

ਜ਼ਿਕਰਯੋਗ ਹੈ 27 ਨਵੰਬਰ ਨੂੰ ਦਰਜ ਕੀਤੇ ਗਏ ਮਾਮਲੇ ’ਚ ਕੋਤਵਾਲੀ ਪੁਲਸ ਨੇ ਸਕਿਓਰਿਟੀ ਵਾਰਡ ਈ ਵਿਚ ਸਜ਼ਾ ਭੁਗਤ ਰਹੇ ਮੁੰਸ਼ੀ ਕੈਦੀ ਸ਼ਮਿੰਦਰ ਸਿੰਘ ਵਾਸੀ ਸ਼ਾਹਕੋਟ (ਜੋ ਕਿ ਐੱਨ. ਡੀ. ਪੀ. ਐੱਸ. ਮਾਮਲੇ ’ਚ ਜੇਲ੍ਹ ’ਚ ਬੰਦ ਹੈ) ’ਤੇ ਹਮਲਾ ਕਰਨ ਦੇ ਇਲਜਾਮ ’ਚ ਦੋ ਕੈਦੀਆਂ ਤੇ ਨਿਯੁਕਤ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੜਾਈ ਦੋ ਗੁੱਟਾਂ ਪੰਜੂ ਗਰੁੱਪ ਤੇ ਘੋੜਾ ਗਰੁੱਪ ਵਿਚਕਾਰ ਹੋਈ ਸੀ, ਜਿਸ ਕੈਦੀ ਨਾਲ ਕੁੱਟਮਾਰ ਹੋਈ ਉਹ ਪੰਜੂ ਗਰੁੱਪ ਨਾਲ ਸਬੰਧਤ ਹੈ। ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਇੰਦਰਜੀਤ ਅਤੇ ਕੁਲਤਾਰ ਸਿੰਘ ਵਜੋਂ ਹੋਈ ਹੈ। ਕੈਦੀ ਸ਼ਮਿੰਦਰ ਸਿੰਘ ਉਰਫ਼ ਸਾਬੀ ਨੇ ਦੋਵਾਂ ’ਤੇ ਸਾਜਿਝਸ਼ ਤਹਿਤ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਸਨ। ਸੁਰੱਖਿਆ ਵਾਰਡ ਈ ’ਚ ਗਿਣਤੀ ਨਿਗਰਾਨ ਦੇ ਅਹੁਦੇ ’ਤੇ ਤਾਇਨਾਤ ਸ਼ਮਿੰਦਰ ਸਿੰਘ ਉਰਫ਼ ਸਾਬੀ ਨੇ ਇਲਜਾਮ ਲਾਇਆ ਕਿ ਵਾਰਡ ’ਚ ਗੇਟ ਨਿਗਰਾਨ ਇੰਦਰਜੀਤ ਨੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਕੁਲਤਾਰ ਦੇ ਕਹਿਣ ’ਤੇ ਕਾਤਲਾਨਾ ਹਮਲਾ ਕੀਤਾ।

ਘਟਨਾ ਤੋਂ ਬਾਅਦ ਪੁਲਸ ਨੇ ਲੰਬੀ ਜਾਂਚ ਤੋਂ ਬਾਅਦ ਸਾਬੀ ਦੀ ਮੈਡੀਕਲ ਹਾਲਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਸੀ। ਇੰਦਰਜੀਤ ਅਤੇ ਕੁਲਤਾਰ ਸਿੰਘ ਨੂੰ ਜੇਲ੍ਹ ਵਿਚੋਂ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ, ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਵਾਪਸ ਜੇਲ ਭੇਜ ਦਿੱਤਾ ਹੈ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਗੌਰਵਦੀਪ ਸਿੰਘ ਦੀ ਸ਼ਿਕਾਇਤ ’ਤੇ 12 ਸਤੰਬਰ 2022 ਨੂੰ ਦਰਜ ਮਾਮਲੇ ’ਚ ਜੇਲ ਬੈਰਕਾਂ ’ਚ ਕੈਦੀ ਗਰੁੱਪਾਂ ਵਿਚ ਹੋਏ ਝੜਪ ਕਾਰਨ 12 ਕੈਦੀਆਂ ਦੇ ਨਾਮ ਦਰਜ ਕੀਤੇ ਗਏ ਸਨ। ਐੱਸ. ਐੱਚ. ਓ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਨਾਮਜ਼ਦ ਕੀਤੇ ਗਏ ਕੈਦੀਆਂ ਵਿਚ ਵਿਕਾਸ ਉਰਫ਼ ਅਕਾਸ਼ਦੀਪ ਵਾਸੀ ਕਪੂਰਥਲਾ, ਅਮਰਜੀਤ ਸਿੰਘ ਵਾਸੀ ਜੰਡਿਆਲਾ ਅਤੇ ਨਛੱਤਰ ਸਿੰਘ ਵਾਸੀ ਪਿੰਡ ਬੂਹ ਥਾਣਾ ਫੱਤੂਢੀਂਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਫਿਰ ਜੇਲ੍ਹ ਭੇਜ ਦਿੱਤਾ ਗਿਆ।

Add a Comment

Your email address will not be published. Required fields are marked *