ਵਿਦੇਸ਼ੀ ਧਰਤੀ ਨੇ ਨਿਗਲਿਆ ਇਕ ਹੋਰ ਪੰਜਾਬੀ ਨੌਜਵਾਨ
ਅੰਮ੍ਰਿਤਸਰ- ਵਿਦੇਸ਼ ਦੀ ਧਰਤੀ ‘ਤੇ ਪੰਜਾਬ ਦੇ ਇਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਟਾਰੀ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਦੀ ਫਿਲੀਪੀਨਜ਼ ਦੇ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ, ਜਿਸ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ। ਪਿੰਡ ਦੇ ਲੋਕ ਪੀੜਿਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪੁਹੰਚ ਰਹੇ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਸਪਿੰਦਰ ਸਿੰਘ 6 ਸਾਲ ਪਹਿਲਾਂ ਘਰ ਦੇ ਮਾੜੇ ਹਲਾਤਾਂ ਨੂੰ ਸੁਧਾਰਨ ਤੇ ਆਪਣੇ ਸੁਨਹਿਰੀ ਭਵਿੱਖ ਲਈ ਮਨੀਲਾ ਦੇ ਫਿਲੀਪੀਨਜ਼ ਵਿਚ ਗਿਆ ਸੀ, ਪਰ ਹੋਨੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਜਸਪਿੰਦਰ ਉੱਥੇ ਫਾਇਨੈਂਸ ਕੰਪਨੀ ਵਿਚ ਕੰਮ ਕਰਦਾ ਸੀ। ਐਤਵਾਰ ਨੂੰ ਜਦੋਂ ਉਹ ਕਿਸੇ ਨੂੰ ਪੈਸੇ ਫੜਾ ਕੇ ਘਰ ਮੁੜ ਰਿਹਾ ਸੀ ਤਾਂ ਉਸ ਦੇ ਮੋਟਰਸਾਈਕਲ ਦੀ ਬ੍ਰੇਕ ਫੇਲ੍ਹ ਹੋ ਗਈ। ਇਸ ਕਾਰਨ ਉਸ ਦਾ ਸਿਰ ਸੜਕ ਦੇ ਕੰਢੇ ਲੱਗੇ ਡੰਡਿਆਂ ਨਾਲ ਟਕਰਾ ਗਿਆ ਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਰਵਾਰਿਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਸਪਿੰਦਰ ਸਿੰਘ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦੀ ਜਾਵੇ ਤਾਂ ਜੋ ਉਹ ਆਪਣੇ ਪੁੱਤ ਦਾ ਅੰਤਿਮ ਸਸਕਾਰ ਕਰ ਸਕਣ।

