ਫਰਾਂਸ ‘ਚ ਸ਼ਰਣ ਮੰਗਣ ਵਾਲੇ 25 ਭਾਰਤੀਆਂ ਨੂੰ ਕੀਤਾ ਗਿਆ ਰਿਹਾਅ

ਫਰਾਂਸ ਵਿੱਚ ਸ਼ਰਣ ਮੰਗਣ ਵਾਲੇ 25 ਭਾਰਤੀ ਯਾਤਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਫ੍ਰਾਂਸੀਸੀ ਮੀਡੀਆ ਨੇ ਦੱਸਿਆ ਕਿ ਸਥਾਨਕ ਅਦਾਲਤ ਨੇ ਰਸਮੀ ਆਧਾਰ ‘ਤੇ ਇਨ੍ਹਾਂ ਯਾਤਰੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਪਿਛਲੇ ਹਫ਼ਤੇ ਦੁਬਈ ਤੋਂ ਨਿਕਾਰਾਗੁਆ ਜਾ ਰਹੀ ਇੱਕ ਫਲਾਈਟ ਨੂੰ ਫਰਾਂਸ ਵਿੱਚ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਰੋਕਿਆ ਗਿਆ ਸੀ, ਜਿਸ ਵਿੱਚ 303 ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ 276 ਯਾਤਰੀ ਭਾਰਤ ਵਾਪਸ ਪਰਤ ਆਏ ਹਨ, ਜਦੋਂ ਕਿ 25 ਨੇ ਫਰਾਂਸ ਵਿੱਚ ਸ਼ਰਣ ਮੰਗੀ ਹੈ। ਇਸ ਤੋਂ ਇਲਾਵਾ ਉੱਥੇ ਦੋ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਗਈ।

ਫ੍ਰਾਂਸੀਸੀ ਅਖ਼ਬਾਰ ‘ਲੇ ਮੋਂਡੇ’ ਨੇ ਸਰਕਾਰੀ ਵਕੀਲਾਂ ਦੇ ਹਵਾਲੇ ਨਾਲ ਕਿਹਾ ਕਿ ਸਥਾਨਕ ਅਦਾਲਤ ਨੇ ਰਸਮੀ ਆਧਾਰ ‘ਤੇ ਉਸ ਦੀ ਰਿਹਾਈ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਦੇਖਿਆ ਕਿ ਫਰਾਂਸ ਦੇ ਮੁੱਖ ਚਾਰਲਸ ਡੀ ਗੌਲ ਹਵਾਈ ਅੱਡੇ ‘ਤੇ ਬਾਰਡਰ ਪੁਲਸ ਮੁਖੀ ਨੇ ਕਾਨੂੰਨ ਦੁਆਰਾ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਇਹ ਮਾਮਲਾ ਉਨ੍ਹਾਂ ਨੂੰ ਨਹੀਂ ਭੇਜਿਆ ਸੀ। ਇਸ ਤੋਂ ਬਾਅਦ ਫਰਾਂਸ ਵਿੱਚ ਰਾਜਨੀਤਿਕ ਸ਼ਰਨ ਦੀ ਮੰਗ ਕਰਨ ਵਾਲੇ 25 ਭਾਰਤੀ ਯਾਤਰੀਆਂ ਨੂੰ ਮੰਗਲਵਾਰ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਉਨ੍ਹਾਂ ਵਿੱਚੋਂ ਪੰਜ ਨੂੰ ਬਾਲ ਕਲਿਆਣ ਸੇਵਾਵਾਂ ਦੀ ਦੇਖਭਾਲ ਵਿੱਚ ਰੱਖਿਆ ਗਿਆ ਕਿਉਂਕਿ ਉਹ ਨਾਬਾਲਗ ਸਨ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਖ਼ਿਲਾਫ਼ ਮਨੁੱਖੀ ਤਸਕਰੀ ਦੇ ਦੋਸ਼ਾਂ ਨੂੰ ਇਹ ਸਥਾਪਿਤ ਕਰਨ ਤੋਂ ਬਾਅਦ ਹਟਾ ਦਿੱਤਾ ਗਿਆ ਸੀ ਕਿ ਯਾਤਰੀ ਆਪਣੀ ਮਰਜ਼ੀ ਨਾਲ ਜਹਾਜ਼ ਵਿੱਚ ਸਵਾਰ ਹੋਏ ਸਨ।

ਦਰਅਸਲ 21 ਦਸੰਬਰ ਨੂੰ ਰੋਮਾਨੀਆ ਦੀ ਲੀਜੈਂਡ ਏਅਰਲਾਈਨਜ਼ ਦੀ ਫਲਾਈਟ ਦੁਬਈ ਤੋਂ ਨਿਕਾਰਾਗੁਆ ਜਾ ਰਹੀ ਸੀ। ਕੁੱਲ 303 ਭਾਰਤੀ ਨਾਗਰਿਕ ਯਾਤਰਾ ਕਰ ਰਹੇ ਸਨ, ਜਦਕਿ 11 ਨਾਬਾਲਗ ਸਨ। ਜਦੋਂ ਇਹ ਫਲਾਈਟ ਫਰਾਂਸ ਦੀ ਰਾਜਧਾਨੀ ਪੈਰਿਸ ਤੋਂ 150 ਕਿਲੋਮੀਟਰ ਦੂਰ ਇਕ ਛੋਟੇ ਜਿਹੇ ਹਵਾਈ ਅੱਡੇ ਵੈਟਰੀ ‘ਤੇ ਈਂਧਨ ਭਰਨ ਲਈ ਉਤਰੀ ਤਾਂ ਇਸ ਨੂੰ ਉਥੇ ਹੀ ਰੋਕ ਦਿੱਤਾ ਗਿਆ। ਫ੍ਰੈਂਚ ਅਧਿਕਾਰੀਆਂ ਨੇ ਯਾਤਰਾ ਦੇ ਹਾਲਾਤ ਅਤੇ ਉਦੇਸ਼ ਦੀ ਨਿਆਂਇਕ ਜਾਂਚ ਸ਼ੁਰੂ ਕੀਤੀ। ਇਸ ਵਿੱਚ ਸੰਗਠਿਤ ਅਪਰਾਧ ਵਿੱਚ ਮਾਹਿਰ ਟੀਮ ਨੂੰ ਸ਼ੱਕੀ ਮਨੁੱਖੀ ਤਸਕਰੀ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਕਰੀਬ 100 ਘੰਟੇ ਦੀ ਜਾਂਚ ਅਤੇ ਯਾਤਰੀਆਂ ਤੋਂ ਪੁੱਛਗਿੱਛ ਤੋਂ ਬਾਅਦ ਫਰਾਂਸ ਦੇ ਅਧਿਕਾਰੀਆਂ ਨੇ ਜਹਾਜ਼ ਨੂੰ ਰਵਾਨਾ ਕਰਨ ਲਈ ਹਰੀ ਝੰਡੀ ਦੇ ਦਿੱਤੀ। ਯਾਨੀ ਇਹ ਫਲਾਈਟ ਵੀਰਵਾਰ ਤੋਂ ਐਤਵਾਰ ਤੱਕ ਚਾਰ ਦਿਨ ਫਰਾਂਸ ‘ਚ ਖੜ੍ਹੀ ਰਹੀ। ਘਟਨਾ ਤੋਂ ਬਾਅਦ ਏਅਰਲਾਈਨਜ਼ ਦੀ ਵਕੀਲ ਲਿਲੀਆਨਾ ਬਕਾਯੋਕੋ ਨੇ ਕਿਹਾ ਸੀ ਕਿ ਏਅਰਬੱਸ ਏ340 ਦੇ ਸਾਰੇ ਚਾਲਕ ਦਲ ਦੇ ਮੈਂਬਰਾਂ ਤੋਂ ਪੁੱਛ-ਪੜਤਾਲ ਤੋਂ ਬਾਅਦ ਉੱਥੋਂ ਜਾਣ ਦੀ ਇਜਾਜ਼ਤ ਦਿੱਤੀ ਗਈ। ਉਸ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਇਸਤਗਾਸਾ ਏਅਰਲਾਈਨਜ਼ ਖ਼ਿਲਾਫ਼ ਦੋਸ਼ ਦਾਇਰ ਕਰਦਾ ਹੈ, ਤਾਂ ਉਹ ਵੀ ਮੁਕੱਦਮਾ ਦਾਇਰ ਕਰੇਗਾ।

Add a Comment

Your email address will not be published. Required fields are marked *