ਉੱਤਰੀ ਭਾਰਤ ’ਚ ਕਹਿਰ ਬਣ ਕੇ ਵਰ੍ਹਿਆ ਮੀਂਹ

  • ਹਿਮਾਚਲ ਪ੍ਰਦੇਸ਼ ’ਚ ਦੋ ਮਹਿਲਾਵਾਂ ਦੀ ਮੌਤ; ਰਾਮਬਨ ਵਿੱਚ ਦੋ ਔਰਤਾਂ ਰੁੜ੍ਹੀਆਂ
  • ਉੱਤਰਾਖੰਡ ’ਚ ਦੁਕਾਨਾਂ, ਮਕਾਨਾਂ ਤੇ ਵਾਹਨਾਂ ਦਾ ਹੋਇਆ ਨੁਕਸਾ

ਸ਼ਿਮਲਾ/ਜੰਮੂ/ਦੇਹਰਾਦੂਨ, 11 ਅਗਸਤ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਜਿੱਥੇ ਦੋ ਮਹਿਲਾਵਾਂ ਦੀ ਮਲਬੇ ਹੇਠ ਦਬ ਕੇ ਮੌਤ ਹੋ ਗਈ ਉੱਥੇ ਹੀ ਜੰਮੂ ਵਿੱਚ ਦੋ ਮਹਿਲਾਵਾਂ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਈਆਂ। ਮਹਿਲਾਵਾਂ ਦੀ ਪਛਾਣ ਸ਼ਮੀਮਾ ਬੇਗਮ ਅਤੇ ਰੋਜ਼ੀਆ ਬੇਗਮ ਵਜੋਂ ਹੋਈ ਹੈ। ਉੱਧਰ ਉੱਤਰਾਖੰਡ ’ਚ ਭਾਰੀ ਮੀਂਹ ਕਾਰਨ ਇਮਾਰਤਾਂ ਤੇ ਵਾਹਨਾਂ ਦਾ ਨੁਕਸਾਨ ਹੋਇਆ ਹੈ। ਪਹਾੜੀ ਰਾਜਾਂ ਵਿੱਚ ਢਿੱਗਾਂ ਡਿੱਗਣ ਕਾਰਨ ਕਈ ਰਾਜ ਮਾਰਗ ਬੰਦ ਵੀ ਹੋ ਗਏ। ਹਿਮਾਚਲ ਪ੍ਰਦੇਸ਼ ਦੇ ਰਾਜ ਆਫ਼ਤ ਪ੍ਰਬੰਧਨ ਵਿਭਾਗ ਦੇ ਡਾਇਰੈਕਟਰ ਸੁਦੇਸ਼ ਮੋਖਤਾ ਨੇ ਦੱਸਿਆ ਕਿ ਆਨੀ ਤਹਿਸੀਲ ਦੀ ਸ਼ੀਲ ਗ੍ਰਾਮ ਪੰਚਾਇਤ ਦੇ ਖਦੇਲ ਪਿੰਡ ’ਚ ਸਵੇਰੇ ਨੌਂ ਵਜੇ ਇੱਕ ਮਕਾਨ ਢਿੱਗਾਂ ਦੀ ਲਪੇਟ ’ਚ ਆ ਗਿਆ। ਇਸ ਹਾਦਸੇ ਵਿੱਚ ਚਾਵੇਲੂ ਦੇਵੀ (55) ਅਤੇ ਕ੍ਰਿਤਿਕਾ (17) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜ਼ਿਲ੍ਹੇ ਦੀ ਆਨੀ ਤਹਿਸੀਲ ਦੀ ਦੇਵਤੀ ਗ੍ਰਾਮ ਪੰਚਾਇਤ ’ਚ ਸਵੇਰੇ ਸਾਢੇ ਸੱਤ ਵਜੇ ਬੱਦਲ ਫਟਣ ਤੋਂ ਬਾਅਦ ਪਏ ਭਾਰੀ ਮੀਂਹ ’ਚ 10 ਦੁਕਾਨਾਂ ਤੇ ਤਿੰਨ ਵਾਹਨ ਰੁੜ੍ਹ ਗਏ। ਉਨ੍ਹਾਂ ਦੱਸਿਆ ਕਿ ਮੰਡੀ ਜ਼ਿਲ੍ਹੇ ’ਚ ਸਵੇਰੇ ਢਿੱਗਾਂ ਖਿਸਕਣ ਤੋਂ ਬਾਅਦ ਮੰਡੀ-ਕੁੱਲੂ ਕੌਮੀ ਰਾਜਮਾਰਗ ਬੰਦ ਹੋ ਗਿਆ ਹੈ। ਮੰਡੀ ਜ਼ਿਲ੍ਹੇ ਦੇ ਐਮਰਜੈਂਸੀ ਅਪਰੇਸ਼ਨ ਸੈਂਟਰ (ਡੀਈਓਸੀ) ਨੇ ਕਿਹਾ ਕਿ ਘਟਨਾ ਪੰਡੋਹ ਨੇੜੇ 7 ਮੀਲ ’ਚ ਹੋਈ ਜਿਸ ਕਾਰਨ ਕੌਮੀ ਰਾਜਮਾਰਗ-21 ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਮੋਖਤਾ ਨੇ ਦੱਸਿਆ ਕਿ ਚੰਬਾ ਜ਼ਿਲ੍ਹੇ ’ਚ ਭਰਮੌਰ ਤਹਿਸੀਲ ਦੇ ਆਲਾ ਨਾਲੇ ਨੇੜੇ ਬੱਦਲ ਫਟਣ ਦੀ ਘਟਨਾ ’ਚ ਕੁਝ ਮਸ਼ੀਨਾਂ ਤੇ ਇੱਕ ਨਿਰਮਾਣ ਕੰਪਨੀ ਦਾ ਗੁਦਾਮ ਰੁੜ੍ਹ ਗਿਆ।

ਦੂਜੇ ਪਾਸੇ ਉੱਤਰਾਖੰਡ ’ਚ ਭਾਰੀ ਮੀਂਹ ਮਗਰੋਂ ਢਿੱਗਾਂ ਖਿਸਕਣ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਕਈ ਇਮਾਰਤਾਂ ਤੇ ਦੁਕਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਇਸ ਪਹਾੜੀ ਇਲਾਕੇ ’ਚ ਕਈ ਕੌਮੀ ਮਾਰਗ ਬੰਦ ਹੋ ਗਏ ਹਨ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਨਿਕਾਸੀ ਨਾਲਿਆਂ ਵਿੱਚ ਤਿੰਨ ਵਿਅਕਤੀ ਰੁੜ੍ਹ ਗਏ ਹਨ। 

Add a Comment

Your email address will not be published. Required fields are marked *