ਮੈਂ ਸਿੱਖ ਕਤਲੇਆਮ ਬਾਰੇ ਕਹਾਣੀਆਂ ਸੁਣ ਕੇ ਵੱਡਾ ਹੋਇਆ ਹਾਂ: ਦਿਲਜੀਤ

ਮੁੰਬਈ:ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਵਿੱਚ ਸਾਲ 1984 ਦੌਰਾਨ ਹੋਏ ਸਿੱਖ ਕਤਲੇਆਮ ਵਾਲੇ ਸਾਲ ਪੰਜਾਬੀ ਗਾਇਕ ਤੇ ਅਦਾਕਾਰ ਦਾ ਜਨਮ ਹੋਇਆ ਸੀ। ਇਸ ਕਤਲੇਆਮ ਦੌਰਾਨ ਹਜ਼ਾਰਾਂ ਸਿੱਖ ਮਾਰੇ ਗਏ ਸਨ। ਇਸ ਘਟਨਾ ਨੂੰ ਨਸਲਕੁਸ਼ੀ ਦੱਸਦਿਆਂ ਦਿਲਜੀਤ ਨੇ ਕਿਹਾ ਕਿ ਉਹ ਉਸ ਵੇਲੇ ਦੀਆਂ ਦਰਦ ਭਰੀਆਂ ਕਹਾਣੀਆਂ ਸੁਣ ਕੇ ਵੱਡਾ ਹੋਇਆ ਹੈ। ਜਾਣਕਾਰੀ ਅਨੁਸਾਰ ਦਿਲਜੀਤ ਦਾ ਜਨਮ 1984 ਵਿੱਚ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦੇ ਪਿੰਡ ਦੋਸਾਂਝ ਕਲਾਂ ਵਿੱਚ ਹੋਇਆ ਸੀ। ਉਸ ਦੀ ਨਵੀਂ ਫਿਲਮ ‘ਜੋਗੀ’ ਦੀ ਕਹਾਣੀ ਸਾਲ 1984 ਦੌਰਾਨ ਦਿੱਲੀ ’ਚ ਵਾਪਰੇ ਸਿੱਖ ਕਤਲੇਆਮ ਬਾਰੇ ਹੈ। ਦਿਲਜੀਤ ਨੇ ਕਿਹਾ, ‘ਮੈਂ ਬਚਪਨ ਵਿੱਚ ਉਸ ਵੇਲੇ ਦੀਆਂ ਕਹਾਣੀਆਂ ਸੁਣਿਆ ਕਰਦਾ ਸੀ। ਮੈਨੂੰ ਯਕੀਨ ਨਹੀਂ ਹੁੰਦਾ ਸੀ ਪਰ ਜਦੋਂ ਮੈਂ ਵੱਡਾ ਹੋਇਆ ਤਾਂ ਉਸ ਵੇਲੇ ਕਿਤਾਬਾਂ ਪੜ੍ਹੀਆਂ, ਜਿਸ ਮਗਰੋਂ ਮੈਨੂੰ ਅੰਦਾਜ਼ਾ ਹੋਇਆ ਕਿ ਇਹ ਘਟਨਾ ਬਹੁਤ ਦੁਖਦਾਈ ਸੀ। ਹੁਣ ਤੱਕ ਉਸ ਸਮੇਂ ਨਾਲ ਸਬੰਧਤ ਮੈਂ ਜਿੰਨੀਆਂ ਵੀ ਕਿਤਾਬਾਂ ਪੜ੍ਹੀਆਂ ਤੇ ਗੱਲਾਂ ਸੁਣੀਆਂ ਹਨ, ਇਹ ਫਿਲਮ ਉਨ੍ਹਾਂ ਦਾ ਸੁਮੇਲ ਹੈ।’ ਜਾਣਕਾਰੀ ਅਨੁਸਾਰ 38 ਸਾਲਾ ਕਲਾਕਾਰ ਨੇ ਗੁਰਦੁਆਰਿਆਂ ਵਿੱਚ ਕੀਰਤਨ ਕਰਨ ਨਾਲ ਗਾਇਕੀ ਦੇ ਖੇਤਰ ਵਿੱਚ ਪੈਰ ਧਰਿਆ ਸੀ। ਅਦਾਕਾਰ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਕਹਾਣੀ ਮਨਘੜਤ ਨਹੀਂ ਸਗੋਂ ਅਸਲ ਘਟਨਾਵਾਂ ’ਤੇ ਆਧਾਰਿਤ ਹੈ।

Add a Comment

Your email address will not be published. Required fields are marked *