ਪਾਕਿਸਤਾਨ ਵੱਲੋਂ ਸਿੱਖਾਂ ਦੀ ਆਸਥਾ ਦੇ ਨਾਂ ‘ਤੇ ਵੱਡੀ ਲੁੱਟ

ਲੰਡਨ – ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ  ਪਾਕਿਸਤਾਨ ਵਲੋਂ ਸਿੱਖਾਂ ਦੀ ਆਸਥਾ ਦੇ ਨਾਮ ‘ਤੇ ਵੱਡੀ  ਲੁੱਟ ਕਰਨ ਦਾ ਸਮਾਚਾਰ ਹੈ। ਇਸ ਕਾਰਨ ਵਿਦੇਸ਼ੀ ਸਿੱਖਾਂ ਵਿਚ ਭਾਰੀ ਰੋਸ ਹੈ। ਲੰਡਨ ਤੋਂ ਪਾਕਿਸਤਾਨ, ਚੜਦੇ ਪੰਜਾਬ, ਦਿੱਲੀ ਭਾਰਤ ਦੀ ਯਾਤਰਾ ਕਰਕੇ ਆਏ ਨੋਜਵਾਨਾਂ ਨੇ ਆਪਣੇ ਅਨੁਭਵ ਦੱਸਦਿਆ ਕਿਹਾ ਕਿ ਔਕਾਫ਼ ਬੋਰਡ ਦੇ ਭ੍ਰਿਸ਼ਟ ਅਧਿਕਾਰੀ ਗੁਰਦੁਆਰਾ ਜਨਮ ਅਸਥਾਨ ਸਮੇਤ ਭਾਰਤ ਪਾਕਿਸਤਾਨ ਵਿਚਕਾਰ ਬਣੇ ਸ਼ਾਂਤੀ ਦੇ ਲਾਂਘੇ ਵਿਚ ਮਨਮਰਜ਼ੀ ਕਰਦੇ ਆਮ ਵੇਖੇ ਗਏ। ਯਾਤਰਾ ਵਿੱਚ ਗਏ ਬੁਜਰਗਾਂ, ਔਰਤਾਂ ਨੂੰ ਪਹਿਲੀ ਦੂਜੀ ਮੰਜਿਲ ‘ਤੇ ਕਮਰੇ ਦਿੱਤੇ ਜਾਂਦੇ ਹਨ ਜਦੋਂਕਿ ਬਾਕੀ ਯਾਤਰੀ ਕਮਰਿਆਂ ਦੀ ਵੰਡ ਵਿਚ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਮੁੱਖ ਮੰਤਰੀ, ਫੌਜ ਦੇ ਅਫਸਰ , ਔਕਾਫ ਬੋਰਡ ਦਾ ਕੋਟੇ ਵਿੱਚ ਕਮਰੇ ਦਿੱਤੇ ਜਾਂਦੇ ਹਨ ਜਦੋਂ ਕਿ ਕੁਝ ਕੁ ਖਾਸ ਮੈਂਬਰ ਆਪਣੇ ਕੋਟੇ ਦੇ ਕਮਰਿਆਂ ਦਾ ਹੋਟਲ ਦੇ ਕਮਰਿਆਂ ਵਾਂਗ ਕਿਰਾਇਆ ਵਸੂਲਣ ਦੇ ਚਰਚੇ ਯਾਤਰਾ ਦੌਰਾਨ ਹੁੰਦੇ ਰਹਿੰਦੇ ਹਨ ਪਰ ਉਹ ਵੀ ਛੋਟੀ ਮੋਟੀ ਜਾਂਚ ‘ਤੇ ਗੁਰਪੂਰਬ ਦੀ ਸਮਾਪਤੀ ਤੋਂ ਬਾਦ ਗੱਲ ਖਤਮ ਕਰ ਦਿੱਤੀ ਜਾਂਦੀ ਹੈ। ਪਾਕਿਸਤਾਨ ਵਿਚ ਸ਼੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਆਪਣੀ ਪਹਿਚਾਣ ਬਣਾਉਣ ਵਿੱਚ ਅਸਫਲ ਰਹੀ। ਉਹ ਵੀ ਬਿਕਰਮੀ ਤੇ ਮੂਲ ਨਾਨਕਸਾਹੀ ਕੈਲੰਡਰ ਵਿੱਚ ਸਿੱਖਾਂ ਨੂੰ ਵੰਡਣ ਦਾ ਕੰਮ ਕਰ ਸਿੱਖ ਇਤਿਹਾਸ ਨੂੰ ਖਤਮ ਕਰਨ ਵਿੱਚ ਵੱਡੀ ਭੂਮਿਕਾ ਨਿਭਾਅ ਰਹੀ ਹੈ।

ਯਾਤਰੀਆਂ ਨੇ ਕਿਹਾ ਕਿ ਸਿੱਖਾਂ ਤੋਂ ਵਿਛੜੇ ਗੁਰੂਧਾਮਾਂ ਦੇ ਦਰਸ਼ਨ ਦੀਦਾਰ ਲਈ ਨਿੱਤ ਪ੍ਰਤੀ ਦਿਨ ਅਰਦਾਸ ਕੀਤੀ ਜਾਂਦੀ ਹੈ ਪਰੰਤੂ ਕਰਤਾਰਪੁਰ ਸਾਹਿਬ ਦੇ ਅੰਦਰ ਜਾ ਕੇ ਖੁੱਲੇ ਦਰਸ਼ਨ ਦੀਦਾਰੇ ਕਰਨ ਲਈ ਪਾਕਿਸਤਾਨ ਸਰਕਾਰ ਨੇ ਗੁਰਦਵਾਰੇ ਦੀ ਦੇਖ ਭਾਲ ਦੇ ਨਾਮ ‘ਤੇ ਹਰ ਵਿਅਕਤੀ ਤੋਂ ਪੰਦਰਾਂ ਸੌ ਰੁਪਏ ਵਸੂਲੇ ਜਾ ਰਹੇ ਹਨ। ਜਿਕਰਯੋਗ ਹੈ ਕਿ ਭਾਰਤ ਤੋਂ ਆਉਣ ਵਾਲਿਆਂ ਤੋਂ ਲਾਂਘੇ ਦੇ 15 ਸੌ ਰੁਪਏ ਵਸੂਲੇ ਜਾਂਦੇ ਹਨ ਤੇ ਵਿਦੇਸ਼ੀ ਧਰਤੀ ਤੋਂ ਆਉਣ ਵਾਲੇ ਯਾਤਰੀਆਂ ਤੋਂ ਵੱਖ ਵੱਖ ਦੇਸ਼ਾਂ ਦੀ ਵੀਜ਼ਾ ਫੀਸ ਤੋਂ ਇਲਾਵਾ 15 ਸੌ ਰੁਪਏ ਦਾ ਵਾਧੂ ਟੈਕਸ ਮੰਗਿਆ ਜਾ ਰਿਹਾ ਹੈ। ਜਿਸ ਕਾਰਨ ਵਿਦੇਸ਼ੀ ਸਿੱਖਾਂ ਵਿੱਚ ਭਾਰੀ ਰੋਸ ਹੈ।  ਗੁਰਦਵਾਰੇ ਸਾਹਿਬ ਦੀ ਹਦੂਦ ਅੰਦਰ ਪਿੰਨੀਆ ਦਾ ਪਰਸ਼ਾਦ ਦੇਣ ਵਾਲੇ ਤੰਮਾਕੂ ਦਾ ਸੇਵਨ ਕਰਦੇ ਹਨ ਜੋ ਜ਼ਿਆਦਾਤਰ ਦੂਜੇ ਧਰਮ ਦੇ ਲੋਕਾਂ ਹਨ ਜੋ ਕਈ ਥਾਵਾਂ ‘ਤੇ ਟੋਪੀ ਪਾਉਂਦੇ ਹਨ ਜਾਂ ਨੰਗੇ ਸਿਰ ਘੁੰਮਦੇ ਵੇਖੇ ਜਾ ਸਕਦੇ ਹਨ। 

ਯਾਤਰੀਆਂ ਨੇ ਕਿਹਾ ਕਿ ਆਪਣੇ ਧਾਰਮਿਕ ਅਸਥਾਨਾਂ ਦੇ ਅੰਦਰ ਜਾਣ ਲਈ ਆਈ ਕਾਰਡ ਪਾਉਣਾ ਪੈਂਦਾ ਹੈ ਜਦੋਂ ਕਿ ਗੁਰਦਵਾਰੇ ਦੇ ਅੰਦਰ ਤੇ ਬਾਹਰ ਚਿੱਟੇ ਕੱਪੜਿਆਂ ਵਿਚ ਪੁਲਸ ਹਰ ਇੱਕ ਵਿਅਕਤੀ ਨਾਲ ਤਸਵੀਰਾਂ ਖਿਚਵਾਉਂਦੀ ਫਿਰਦੀ ਹੈ। ਯਾਤਰੀਆਂ ਮੁਤਾਬਕ ਔਕਾਫ ਬੋਰਡ ਪਾਕਿਸਤਾਨ ਦੇ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਉਪਰ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਪੰਜਾਬ ਦੇ ਗੁਰਦਵਾਰਿਆਂ ਵਿੱਚ ਯਾਤਰੀਆਂ ਦੀ ਸਹੂਲਤ ਨਾਲ ਮਾਂ ਬੋਲੀ ਪੰਜਾਬੀ ਨੂੰ ਪਹਿਲ ਦੇ ਅਧਾਰ ਤੇ ਲਿਖਿਆ ਗਿਆ ਪਰੰਤੂ ਪਾਕਿਸਤਾਨ ਵਿੱਚ ਉਸ ਨੂੰ ਤੀਸਰਾ ਅਸਥਾਨ ਦਿੱਤਾ ਗਿਆ ਹੈ। ਪੰਦਰਾਂ ਸੌ ਰੁਪਏ ਯਾਤਰੀ ਟੈਕਸ ਸੰਬੰਧੀ ਪਾਕਿ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿਚ ਦੱਸਿਆ ਕਿ ਪ੍ਰਬੰਧਕ ਕਮੇਟੀ ਨਾਂ ਦੀ ਕਮੇਟੀ ਹੈ ਪਰ ਹਰ ਕੰਮ ਔਕਾਫ਼ ਬੋਰਡ ਦੇ ਹੁਕਮਾਂ ਤੋਂ ਬਗੈਰ ਕੁਝ ਨਹੀ ਹੁੰਦਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੀ ਹਦੂਦ ਵਿੱਚ ਦਾਖਲ ਹੋਣ ਸੰਬੰਧੀ ਲੱਗੇ ਟੈਕਸ ਸੰਬੰਧੀ ਕਿਸੇ ਵੀ ਮੌਜੂਦਾ ਮੈਂਬਰ ਨੇ ਇਤਰਾਜ਼ ਨਹੀਂ ਕੀਤਾ ਅਤੇ ਨਾ ਹੀ ਵਿਦੇਸ਼ਾਂ ਤੋਂ ਜਥੇ ਲੈ ਕੇ ਆਉਂਦੇ ਜਥੇਦਾਰਾਂ ਨੇ ਇਸ ਸੰਬੰਧੀ ਕੋਈ ਇਤਰਾਜ਼ ਜਤਾਇਆ ਗਿਆ।

ਇਕ ਅੰਦਾਜ਼ੇ ਮੁਤਾਬਕ ਦੱਸ ਹਜ਼ਾਰ ਦੇ ਕਰੀਬ ਸੰਗਤਾਂ ਰੋਜ਼ਾਨਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀਆਂ ਹਨ ਅਤੇ ਉਨ੍ਹਾਂ ਦੇ ਕੋਲ਼ੋਂ ਤਕਰੀਬਨ ਡੇਢ ਕਰੋੜ ਰੁਪਾਇਆ ਟੈਕਸ ਰਾਹੀਂ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਸੰਗਤਾਂ ਵੱਲੋਂ ਸ਼ਰਧਾ ਮੁਤਾਬਕ ਗੋਲਕ ਵਿੱਚ ਪਾਏ ਜਾਂਦੇ ਗੁਪਤ ਦਾਨ ਦੀ ਕੋਈ ਸੀਮਾ ਨਹੀਂ ਹੈ। ਵਿਦੇਸ਼ੀ ਯਾਤਰੀਆਂ ਨੇ ਔਕਾਫ਼ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਪੀਲ ਕਰਨ ਜੇ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਪਵਿੱਤਰਤਾ ਤੇ ਸੇਵਾ ਸੰਭਾਲ ਲਈ ਰੁਪਏ ਦੀ ਲੋੜ ਹੈ ਤਾਂ ਸਮੁੱਚੀ ਸਿੱਖ ਕੌਮ ਪਾਕਿਸਤਾਨ ਵਿੱਚ ਰੁਪਾਇਆ ਦੇ ਢੇਰ ਲਾ ਦੇਵੇਗੀ। 

ਜਿਕਰਯੋਗ ਹੈ ਕਿ ਗੁਰੂ ਨਾਨਕ ਗੁਰਪੂਰਬ ਸਮੇ ਪਾਕਿਸਤਾਨ ਸਰਕਾਰ ਨੇ ਭਾਰਤੀ ਯਾਤਰੀਆਂ ਸਮੇਤ ਇੰਗਲੈਂਡ, ਕਨੇਡਾ, ਯੂਰਪ ਆਸਟ੍ਰੇਲੀਆ ਦੇ ਸੈਂਕੜੇ  ਸਿੱਖਾਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਗਈ ਜਿੰਨ੍ਹਾਂ ਵਿੱਚ ਜ਼ਿਆਦਾ ਲੋਕ ਖਾਲਿਸਤਾਨ ਵਿਚਾਰਧਾਰਾ ਨਾਲ ਸੰਬੰਧਤ ਦੱਸੇ ਜਾਂਦੇ ਹਨ। ਯਾਤਰਾ ਵਿੱਚ ਗਏ ਅਫਗਾਨੀ ਸੰਗਤਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਵਿੱਚ ਸਿੱਖਾਂ ਦੀ ਜਾਨ ਮਾਲ ਨੂੰ ਭਾਰੀ ਖਤਰਾ ਹੈ। ਪੁਲਸ ਵੱਲੋਂ ਸਿੱਖਾਂ ਨੂੰ ਹਰ ਵਕਤ ਦਹਿਸਤਗਰਦ ਹਮਲਾ ਦੱਸ ਕੇ ਬਾਹਰ ਜਾਣ ਤੋਂ ਰੋਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਵੱਸਦੀ ਸਿੱਖ ਕੌਮ ਪਾਕਿ ਗੁਰਦਵਾਰਿਆਂ ਦੀ ਸੇਵਾ ਸੰਭਾਲ ਲਈ ਦਸਵੰਦ ਦੇਣ ਲਈ ਤਿਆਰ ਹੈ ਪਰੰਤੂ ਤੰਮਾਕੂ ਤੇ ਭ੍ਰਿਸ਼ਟ ਅਧਿਕਾਰੀ ਬਿਲਕੁਲ ਬਰਦਾਸ਼ਤ ਨਹੀਂ ਹਨ।

Add a Comment

Your email address will not be published. Required fields are marked *