ਦਿਲਜੀਤ ਦੋਸਾਂਝ ਦੀ ਫ਼ਿਲਮ ’ਤੇ ਬੋਲੇ ਸੁਖਬੀਰ ਬਾਦਲ, ਸਿੱਖ ਕੌਮ ਦੇ ਭਿਆਨਕ ਦਰਦ ਨੂੰ ਦਰਸਾਉਂਦੀ ਹੈ ‘ਜੋਗੀ’

ਚੰਡੀਗੜ੍ਹ – ਦਿਲਜੀਤ ਦੋਸਾਂਝ ਦੀ ਫ਼ਿਲਮ ‘ਜੋਗੀ’ 16 ਸਤੰਬਰ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ 1984 ’ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਕੌਮ ਲਈ ਪੈਦਾ ਹੋਏ ਮੁਸ਼ਕਿਲ ਹਾਲਾਤ ਨੂੰ ਦਿਖਾਇਆ ਗਿਆ ਹੈ।

ਫ਼ਿਲਮ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਫ਼ਿਲਮ ’ਚ ਦਿਲਜੀਤ ਦੋਸਾਂਝ ਦੇ ਕੰਮ ਨੂੰ ਵੀ ਸਰਾਹਿਆ ਜਾ ਰਿਹਾ ਹੈ। ਇਸ ਫ਼ਿਲਮ ਨੂੰ ਡਾਇਰੈਕਟ ਅਲੀ ਅੱਬਾਸ ਜ਼ਫਰ ਨੇ ਕੀਤਾ ਹੈ, ਜੋ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ। ਫ਼ਿਲਮ ਦੇਖਣ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਫ਼ਿਲਮ ’ਚ ਸਿੱਖਾਂ ਖ਼ਿਲਾਫ਼ ਹੋਏ ਜ਼ੁਲਮ ਨੂੰ ਮੁੜ ਯਾਦ ਕੀਤਾ ਹੈ।

ਸੁਖਬੀਰ ਬਾਦਲ ਨੇ ਲਿਖਿਆ, ‘‘ਫ਼ਿਲਮ ‘ਜੋਗੀ’ ਉਸ ਭਿਆਨਕ ਦਰਦ ਨੂੰ ਦਰਸਾਉਂਦੀ ਹੈ, ਜੋ ਸਿੱਖ ਕੌਮ ਨੂੰ 1984 ’ਚ ਕਾਂਗਰਸ ਵਲੋਂ ਸਪਾਂਸਰ ਕੀਤੀ ਨਸਲਕੁਸ਼ੀ ’ਚ ਸਹਿਣਾ ਪਿਆ ਸੀ। ਸਿੱਖਾਂ ਨੂੰ ਬਹੁਤ ਅਣਮਨੁੱਖੀ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ ਤੇ ਸਾਰਾ ਸਿਸਟਮ ਉਨ੍ਹਾਂ ਦੇ ਵਿਰੁੱਧ ਹੋ ਗਿਆ ਸੀ। ਭਿਆਨਕ ਸੁਪਨਾ ਬਰਕਰਾਰ ਹੈ ਕਿਉਂਕਿ ਹਜ਼ਾਰਾਂ ਬੇਕਸੂਰ ਪੀੜਤ ਅਜੇ ਵੀ ਨਿਆਂ ਦੀ ਉਡੀਕ ਕਰ ਰਹੇ ਹਨ।’’

ਅਗਲੇ ਟਵੀਟ ’ਚ ਸੁਖਬੀਰ ਬਾਦਲ ਨੇ ਲਿਖਿਆ, ‘‘ਫ਼ਿਲਮ ਇਕ ਦੇਸ਼ਭਗਤ ਭਾਈਚਾਰੇ ਦੇ ਡੂੰਘੇ ਤੇ ਬੋਲਾਂ ਤੋਂ ਰਹਿਤ ਦਰਦ ਨੂੰ ਦਰਸਾਉਂਦੀ ਹੈ। ਮੈਂ ਦਿਲਜੀਤ ਦੋਸਾਂਝ, ਅਲੀ ਅੱਬਾਸ ਜ਼ਫਰ ਤੇ ਫ਼ਿਲਮ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਿੱਖ ਕੌਮ ਦਾ ਸਾਰਾ ਸੱਚ ਲੋਕਾਂ ਸਾਹਮਣੇ ਲਿਆਂਦਾ। ਮੈਨੂੰ ਉਮੀਦ ਹੈ ਕਿ ਇਹ ਸਾਡੀ ਸਰਕਾਰ ਨੂੰ ਅਜੇ ਵੀ ਉਡੀਕਿਆ ਹੋਇਆ ਨਿਆਂ ਦਿਵਾਉਣ ਲਈ ਪ੍ਰੇਰਿਤ ਕਰੇਗਾ।’’

Add a Comment

Your email address will not be published. Required fields are marked *