ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਸਖਤ ਹੋਈ ਆਸਟ੍ਰੇਲੀਆਈ ਸਰਕਾਰ

ਮੈਲਬੋਰਨ – ਜੋ ਅੰਤਰ-ਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਸਿਰਫ ਕਮਾਈਆਂ ਕਰਨ ਆਉਂਦੇ ਹਨ, ਉਨ੍ਹਾਂ ਲਈ ਸਰਕਾਰ ਸਖਤ ਹੋ ਗਈ ਹੈ। ਪੋਸਟ ਸਟੱਡੀ ਵਰਕ ਵੀਜਾ ਜੋ ਗ੍ਰੇਜੁਰਏਟ ਸਟੂਡੈਂਟਾਂ ਲਈ 2 ਸਾਲਾਂ ਤੋਂ ਵਧਾਕੇ 4 ਸਾਲ ਤੇ ਪੋਸਟ ਗ੍ਰੇਜੁਏਟ ਸਟੂਡੈਂਟਾਂ ਲਈ 3 ਸਾਲ ਤੋਂ 5 ਸਾਲ ਕੀਤਾ ਗਿਆ ਸੀ, ਉਸਨੂੰ ਦੁਬਾਰਾ ਤੋਂ ਘਟਾਕੇ ਕ੍ਰਮਵਾਰ 2 ਸਾਲ ਤੇ 3 ਸਾਲ ਕਰ ਦਿੱਤਾ ਗਿਆ ਹੈ। ਇਸਦੇ ਨਾਲ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਵੀਜਾ ਦੁਬਾਰਾ ਅਪਲਾਈ ਕਰਨ ਲਈ ਸੈਵਿੰਗਸ ਵਜੋਂ ਦਿਖਾਈ ਜਾਣ ਵਾਲੀ ਰਕਮ ਨੂੰ ਆਸਟ੍ਰੇਲੀਆਈ $25,505 ਕਰ ਦਿੱਤਾ ਗਿਆ ਹੈ, ਜੋ ਕਿ ਪਹਿਲਾਂ ਦੇ ਮੁਕਾਬਲੇ 17% ਜਿਆਦਾ ਹੈ। ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਸਰਕਾਰ ‘ਜੇਨੁਅਨ ਸਟੂਡੈਂਟ’ ਟੈਸਟ ਵੀ ਕਰਵਾਇਆ ਕਰੇਗੀ ਤੇ ਇਹ ਟੈਸਟ ਉਨ੍ਹਾਂ ਵਿਦਿਆਰਥੀਆਂ ਦੀ ਛਾਂਟੀ ਕਰਨ ਵਿੱਚ ਸਹਾਇਤਾ ਕਰੇਗਾ, ਜਿਨ੍ਹਾਂ ਦਾ ਮਕਸਦ ਆਸਟ੍ਰੇਲੀਆ ਆਕੇ ਪੜ੍ਹਾਈ ਨਹੀਂ ਬਲਕਿ ਕਮਾਈ ਕਰਨਾ ਹੁੰਦਾ ਹੈ। ਇਹ ਟੈਸਟ ਮੌਜੂਦਾ ਜੇਨੁਅਨ ਟੈਂਪਰੇਰੀ ਐਂਟਰੇਂਟ ਰਿਕੁਆਇਰਮੈਂਟ ਨੂੰ ਖਤਮ ਕਰੇਗਾ।

ਦੁਬਾਰਾ ਵੀਜਾ ਜਾਰੀ ਕਰਨ ਮੌਕੇ ਅਫਸਰਾਂ ਨੂੰ ਵੀ ਹਰ ਫਾਈਲ ‘ਤੇ ਵਧੇਰੇ ਸਖਤਾਈ ਰੱਖਣ ਦੀ ਗੱਲ ਆਖੀ ਗਈ ਹੈ, ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਲੱਭਣਾ ਆਸਾਨ ਹੋਏਗਾ, ਜਿਨ੍ਹਾਂ ਦਾ ਮਕਸਦ ਪੜ੍ਹਾਈ ਨਹੀਂ ਬਲਕਿ ਸਟੂਡੈਂਟ ਵੀਜਾ ਵਾਰ-ਵਾਰ ਵਧਾਕੇ ਇੱਥੇ ਕਮਾਈ ਕਰਨਾ ਅਤੇ ਲੰਬਾ ਸਮਾਂ ਆਸਟ੍ਰੇਲੀਆ ਰਹਿਣਾ ਹੁੰਦਾ ਹੈ। ਨਾਲ ਹੀ ਹੁਣ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਸਬੰਧਤ ਕਿੱਤੇ ਵਿੱਚ ਕੰਮ ਕਰਨਾ ਜਰੂਰੀ ਹੋਏਗਾ, ਅਜਿਹਾ ਨਾ ਹੋਣ ‘ਤੇ ਭਵਿੱਖ ਵਿੱਚ ਵੀਜਾ ਨੂੰ ਲੈਕੇ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ। ਵਿਦਿਆਰਥੀ ਵੀਜਿਆਂ ਲਈ ਆਈਲੈਟਸ ਵਿੱਚ 6.0 ਬੈਂਡ ਅਤੇ ਟੈਂਪਰੇਰੀ ਗਰੇਜੁਏਟ ਵੀਜਾ ਲਈ 6.5 ਬੈਂਡ ਦੀ ਜਰੂਰਤ ਕਰ ਦਿੱਤੀ ਗਈ ਹੈ, ਜੋ 2024 ਵਿੱਚ ਲਾਗੂ ਹੋ ਜਾਏਗਾ। ਆਸਟ੍ਰੇਲੀਆ ਆਉਣ ਵਾਲੇ ਪ੍ਰਵਾਸੀਆਂ ਵਿੱਚ ਸਭ ਤੋਂ ਜਿਆਦਾ ਗਿਣਤੀ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਹੁੰਦੀ ਹੈ, ਜੋ ਕਿ ਕਰੀਬ 39% ਹੁੰਦੀ ਹੈ ਅਤੇ ਇਸ ਤੋਂ ਬਾਅਦ ਨਿਊਜੀਲੈਂਡ ਵਾਸੀਆਂ ਦਾ ਨੰਬਰ ਆਉਂਦਾ ਹੈ, ਜੋ ਦੂਜੇ ਨੰਬਰ ‘ਤੇ ਸਭ ਤੋਂ ਵੱਡੀ ਗਿਣਤੀ ਵਿੱਚ ਆਸਟ੍ਰੇਲੀਆ ਪ੍ਰਵਾਸ ਕਰਦੇ ਹਨ।

Add a Comment

Your email address will not be published. Required fields are marked *