ਭਾਜਪਾ ਜਿੰਨੀ ਨਫ਼ਰਤ ਫੈਲਾਏਗੀ, ‘ਇੰਡੀਆ’ ਗੱਠਜੋੜ ਓਨੀ ਹੀ ਮੁਹੱਬਤ ਫੈਲਾਏਗਾ : ਰਾਹੁਲ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ 146 ਮੈਂਬਰਾਂ ਨੂੰ ਮੁਅੱਤਲ ਕਰ ਕੇ ਨਾ ਸਿਰਫ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ, ਸਗੋਂ ਦੇਸ਼ ਦੇ 60 ਫੀਸਦੀ ਲੋਕਾਂ ਦਾ ਵੀ ਅਪਮਾਨ ਕਰ ਕੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ ਹੈ।

ਸੰਸਦ ਮੈਂਬਰਾਂ ਦੀ ਮੁਅੱਤਲੀ ਵਿਰੁੱਧ ਜੰਤਰ-ਮੰਤਰ ਵਿਖੇ ਵਿਰੋਧੀ ਪਾਰਟੀਆਂ ਵੱਲੋਂ ਸ਼ੁੱਕਰਵਾਰ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਲੜਾਈ ਨਫ਼ਰਤ ਅਤੇ ਮੁਹੱਬਤ ਦੀ ਹੈ । ਭਾਰਤੀ ਜਨਤਾ ਪਾਰਟੀ ਜਿੰਨੀ ਨਫ਼ਰਤ ਫੈਲਾਏਗੀ, ‘ਇੰਡੀਆ’ ਗਠਜੋੜ ਓਨੀ ਹੀ ਮੁਹੱਬਤ, ਭਾਈਚਾਰਾ ਅਤੇ ਏਕਤਾ ਫੈਲਾਏਗਾ। ‘ਇੰਡੀਆ’ ਗਠਜੋੜ ਪੂਰੀ ਤਰ੍ਹਾਂ ਇਕਜੁੱਟ ਹੈ।

ਰਾਹੁਲ ਨੇ ਕਿਹਾ ਕਿ ਲੋਕ ਸਭਾ ਦੀ ਦਰਸ਼ਕ ਗੈਲਰੀ ’ਚੋਂ ਦੋ ਨੌਜਵਾਨਾਂ ਵੱਲੋਂ ਹਾਊਸ ਵਿੱਚ ਛਾਲ ਮਾਰਨੀ ਯਕੀਨੀ ਤੌਰ ’ਤੇ ਸੁਰੱਖਿਆ ਵਿੱਚ ਕੋਤਾਹੀ ਹੈ ਪਰ ਇਸ ਦਾ ਕਾਰਨ ਬੇਰੁਜ਼ਗਾਰੀ ਹੈ। ਮੁਅੱਤਲ ਕੀਤੇ ਗਏ ਸੰਸਦ ਮੈਂਬਰ ਸਿਰਫ਼ ਵਿਅਕਤੀ ਨਹੀਂ ਹਨ, ਉਹ ਭਾਰਤ ਦੇ ਲੋਕਾਂ ਦੀ ਆਵਾਜ਼ ਹਨ।

ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੀਆਂ ਸਹਿਯੋਗੀ ਪਾਰਟੀਆਂ ਦੇ ਕਈ ਪ੍ਰਮੁੱਖ ਨੇਤਾਵਾਂ ਨੇ ਸਰਦ ਰੁੱਤ ਸੈਸ਼ਨ ਦੌਰਾਨ ਦੋਵਾਂ ਹਾਊਸਾਂ ਤੋਂ 146 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦਾ ਵਿਰੋਧ ਕੀਤਾ ਅਤੇ ਸਰਕਾਰ ’ਤੇ ਲੋਕਰਾਜ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ।

ਉਨ੍ਹਾਂ ਇਹ ਵੀ ਕਿਹਾ ਕਿ ‘ਇੰਡੀਆ’ ਗਠਜੋੜ ਦੇ ਸਾਰੇ ਆਗੂ ਲੋਕਤੰਤਰ ਨੂੰ ਬਚਾਉਣ ਲਈ ਇਕਜੁੱਟ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਇਕੱਲੇ ਕੁਝ ਨਹੀਂ ਕਰ ਸਕਦੇ। ਜੰਤਰ ਮਾਤਰ ’ਤੇ ਆਯੋਜਿਤ ਪ੍ਰਦਰਸ਼ਨ ’ਚ ਕਾਂਗਰਸ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ, ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਰਾਸ਼ਟਰੀ ਜਨਤਾ ਦਲ ਦੇ ਨੇਤਾ ਮਨੋਜ ਝਾਅ, ਡੀ. ਐੱਮ. ਕੇ. ਦੇ ਨੇਤਾ ਤਿਰੁਚੀ ਸਿਵਾ ਅਤੇ ਕਈ ਹੋਰ ਪਾਰਟੀਆਂ ਦੇ ਨੇਤਾ ਸ਼ਾਮਲ ਸਨ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦਾ ਨਾਂ ਲਏ ਬਿਨਾਂ ਖੜਗੇ ਨੇ ਕਿਹਾ ਕਿ ਮੈਂ ਬਹੁਤ ਹੈਰਾਨ ਹਾਂ ਕਿ ਉੱਚ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕ ਕਹਿੰਦੇ ਹਨ ਕਿ ਮੈਂ ਇਸ ਜਾਤੀ ਦਾ ਆਦਮੀ ਹਾਂ, ਇਸ ਲਈ ਮੇਰਾ ਅਪਮਾਨ ਕੀਤਾ ਜਾ ਰਿਹਾ ਹੈ। ਮੈਨੂੰ ਹਾਊਸ ਵਿੱਚ ਨੋਟਿਸ ਪੜ੍ਹਨ ਤੱਕ ਵੀ ਨਹੀਂ ਦਿੱਤਾ ਜਾਂਦਾ ਤਾਂ ਕੀ ਮੈਂ ਕਹਿ ਸਕਦਾ ਹਾਂ ਕਿ ਮੋਦੀ ਸਰਕਾਰ ਦਲਿਤਾਂ ਨੂੰ ਵੀ ਬੋਲਣ ਨਹੀਂ ਦਿੰਦੀ?

ਪਵਾਰ ਨੇ ਕਿਹਾ ਕਿ ਅਸੀਂ ਲੋਕਰਾਜ ’ਤੇ ਹਮਲਾ ਕਰਨ ਵਾਲੀਆਂ ਫਿਰਕੂ ਤਾਕਤਾਂ ਨੂੰ ਸੱਤਾ ਤੋਂ ਹਟਾ ਦੇਵਾਂਗੇ। ਸੀਤਾਰਾਮ ਯੇਚੁਰੀ ਨੇ ਦੋਸ਼ ਲਾਇਆ ਕਿ ਪੂਰੇ ਦੇਸ਼ ’ਚ ਲੋਕਰਾਜ ਦਾ ਕਤਲ ਹੋ ਰਿਹਾ ਹੈ। ਜੇ ਅਗਲੀ ਵਾਰ ਭਾਜਪਾ ਜਿੱਤਦੀ ਹੈ ਤਾਂ ਮੈਨੂੰ ਨਹੀਂ ਪਤਾ ਕਿ ਸੰਸਦ ਬਣੇਗੀ ਜਾਂ ਨਹੀਂ। ਜੇ ਅਸੀਂ ਦੇਸ਼ ਵਿਚ ਲੋਕਰਾਜ ਅਤੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਮੋਦੀ ਸਰਕਾਰ ਨੂੰ ਸੱਤਾ ਤੋਂ ਦੂਰ ਕਰਨਾ ਹੋਵੇਗਾ।

Add a Comment

Your email address will not be published. Required fields are marked *