ਮੋਦੀ ਨੂੰ ਦੇਸ਼ ਦੀ ਨਹੀਂ ਆਪਣੀ ਕੁਰਸੀ ਦੀ ਫ਼ਿਕਰ: ਕਾਂਗਰਸ

ਨਵੀਂ ਦਿੱਲੀ, 20 ਜੂਨ-: ਕਾਂਗਰਸ ਨੇ ਮਨੀਪੁਰ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਚੁੱਪ’ ਉੱਤੇ ਅੱਜ ਮੁੜ ਸਵਾਲ ਉਠਾਉਂਦਿਆਂ ਕਿਹਾ ਕਿ ਸ੍ਰੀ ਮੋਦੀ ਨੂੰ ਦੇਸ਼ ਦੀ ਨਹੀਂ ਬਲਕਿ ਸਿਰਫ਼ ਆਪਣੀ ਕੁਰਸੀ ਦੀ ਫ਼ਿਕਰ ਹੈ। ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ, ‘‘ਤੁਸੀਂ ਮਹਿਜ਼ ਚੋਣਾਂ ਜਿੱਤਣ ਲਈ ਫਿਰਕਿਆਂ ਨੂੰ ਇਕ ਦੂਜੇ ਦਾ ਦੁਸ਼ਮਣ ਬਣਾ ਛੱਡਿਆ ਹੈ…ਤੁਸੀਂ ਭਰਾਵਾਂ ਨੂੰ ਲੜਾ ਛੱਡਿਆ। ਕੀ ਸਿਆਸਤ ਦਾ ਪੱਧਰ ਇੰਨਾ ਹੇਠਾਂ ਡਿੱਗ ਗਿਆ ਹੈ? ਜਿਸ ਵਿਅਕਤੀ ਨੂੰ ਸਮਾਜ ਦੀ ਕੋਈ ਫਿਕਰ ਨਹੀਂ, ਦੇਸ਼ ਦੀ ਕੋਈ ਫਿਕਰ ਨਹੀਂ, ਮਨੀਪੁਰ ਦੀ ਕੋਈ ਫਿਕਰ ਨਹੀਂ, ਸਿਰਫ਼ ਆਪਣੀ ਕੁਰਸੀ ਦਾ ਫਿਕਰ ਹੈ, ਅਜਿਹੇ ਲੋਕਾਂ ਨੂੰ ਇਕ ਪਲ ਲਈ ਵੀ (ਅਹੁਦੇ ’ਤੇ) ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।’’

ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਮੋਦੀ ਜੀ, ਅੱਜ ਮਨੀਪੁਰ ਤੇ ਪੂਰਾ ਦੇਸ਼ ਤੁਹਾਨੂੰ ਇਕੋ ਸਵਾਲ ਪੁੱਛ ਰਿਹੈ। ਕੀ ਭਾਜਪਾ ਦੀ ਸੂਬਾ ਤੇ ਕੇਂਦਰ ਸਰਕਾਰ ਨੇ ਸਮਾਜ ਵਿੱਚ ਵੰਡੀਆਂ ਪਾ ਕੇ ਉਨ੍ਹਾਂ ਨੂੰ ਇਕ ਦੂਜੇ ਦਾ ਦੁਸ਼ਮਣ ਬਣਾ ਦਿੱਤਾ ਹੈ? ਕੀ ਤੁਹਾਨੂੰ ਮਨੀਪੁਰ ਤੇ ਦੇਸ਼ ਦੀ ਕੋਈ ਫਿਕਰ ਨਹੀਂ, ਜੋ ਹਿੰਸਾ ਦੀ ਅੱਗ ਵਿੱਚ ਝੁਲਸ ਰਿਹਾ ਹੈ?’’ ਸੁਰਜੇਵਾਲਾ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਸਰਕਾਰੀ ਦੌਰੇ ਲਈ ਅਮਰੀਕਾ ਰਵਾਨਾ ਹੋ ਗਏ ਹਨ। ਚੇਤੇ ਰਹੇ ਕਿ ਕਾਂਗਰਸ ਵੱਲੋਂ ਮਨੀਪੁਰ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋੋਂ ਧਾਰੀ ‘ਖਾਮੋਸ਼ੀ’ ਦੀ ਲਗਾਤਾਰ ਨੁਕਤਾਚੀਨੀ ਕੀਤੀ ਜਾ ਰਹੀ ਹੈ। ਉੱਤਰ-ਪੂਰਬੀ ਰਾਜ ਵਿੱਚ 3 ਮਈ ਤੋਂ ਭੜਕੀ ਨਸਲੀ ਹਿੰਸਾ ਵਿੱਚ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਹੈ ਤੇ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗੲੇ ਹਨ, ਜਿਨ੍ਹਾਂ ਨੂੰ ਰਾਹਤ ਕੈਂਪਾਂ ਵਿੱਚ ਤਬਦੀਲ ਕੀਤਾ ਗਿਆ ਹੈ।

Add a Comment

Your email address will not be published. Required fields are marked *