ਸ਼ੇਅਰ ਬਾਜ਼ਾਰ ’ਚ ਗਿਰਾਵਟ ਕਾਰਨ 288 ਅਰਬਪਤੀਆਂ ਨੂੰ ਪਿਆ ਘਾਟਾ

ਨਵੀਂ ਦਿੱਲੀ – ਬੀਤੇ ਦਿਨ ਭਾਰਤ ਤੋਂ ਲੈ ਕੇ ਅਮਰੀਕਾ ਅਤੇ ਯੂਰਪ ਦੇ ਬਾਜ਼ਾਰਾਂ ਵਿਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਹੈ। ਗਿਰਾਵਟ ਇੰਨੀ ਜ਼ਬਰਦਸਤ ਸੀ ਕਿ ਦੁਨੀਆ ਦੇ 288 ਅਰਬਪਤੀਆਂ ਨੂੰ ਕਾਫ਼ੀ ਘਾਟਾ ਪਿਆ। ਸਭ ਤੋਂ ਵੱਧ ਕੰਗਾਲ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਅਤੇ ਏਸ਼ੀਆ ਦੇ ਦੂਜੀ ਸਭ ਤੋਂ ਅਮੀਰ ਕਾਰੋਬਾਰੀ ਗੌਤਮ ਅਡਾਨੀ ਹੋਏ ਹਨ। 

ਦੱਸ ਦੇਈਏ ਕਿ ਬਲੂਮਬਰਗ ਬਿਲੇਨੀਅਰਸ ਇੰਡੈਕਸ ਦੇ ਅੰਕੜਿਆਂ ਮੁਤਾਬਕ ਦੋਹਾਂ ਨੂੰ ਸਾਂਝੇ ਤੌਰ ’ਤੇ 12 ਬਿਲੀਅਨ ਡਾਲਰ ਤੋਂ ਵੱਧ ਯਾਨੀ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਗ਼ਰੀਬ ਹੋਣ ਵਾਲਿਆਂ ਦੀ ਲਿਸਟ ’ਚ ਵਾਰੇਨ ਬਫੇ, ਜੈੱਫ ਬੇਜੋਸ, ਮੁਕੇਸ਼ ਅੰਬਾਨੀ, ਸਾਵਿੱਤਰੀ ਜਿੰਦਲ ਤੱਕ ਦਾ ਨਾਂ ਸ਼ਾਮਲ ਹੈ। ਵੱਖ-ਵੱਖ ਦੇਸ਼ਾਂ ਦੇ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਕਾਰਨ ਦੁਨੀਆ ਦੇ 288 ਅਰਬਪਤੀਆਂ ਦੀ ਦੌਲਤ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। 

ਬਲੂਮਬਰਗ ਬਿਲੇਨੀਅਰਸ ਦੀ ਸੂਚੀ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ 33 ਅਰਬਪਤੀ ਅਜਿਹੇ ਰਹੇ, ਜਿਨ੍ਹਾਂ ਦੀ ਦੌਲਤ ਨਾ ਤਾਂ ਵਧੀ ਅਤੇ ਨਾ ਹੀ ਘਟੀ। ਉੱਥੇ ਹੀ ਦੂਜੇ ਪਾਸੇ ਅਰਬਪਤੀਆਂ ਦੀ ਦੌਲਤ ’ਚ ਵਾਧਾ ਦੇਖਣ ਨੂੰ ਮਿਲਿਆ ਹੈ, ਜਿਨ੍ਹਾਂ ’ਚੋਂ ਤਿੰਨ ਅਰਬਪਤੀਆਂ ਦੀ ਦੌਲਤ ਵਿਚ ਇਕ ਬਿਲੀਅਨ ਡਾਲਰ ਜਾਂ ਉਸ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਵਿਚ ਜਾਪਾਨ ਦੇ ਤਾਦਾਸ਼ੀ ਯਨਾਈ ਸ਼ਾਮਲ ਹਨ, ਜਿਨ੍ਹਾਂ ਦੀ ਦੌਲਤ ਵਿਚ 1.49 ਅਰਬ ਡਾਲਰ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਉਸ ਤੋਂ ਬਾਅਦ ਅਮਰੀਕਾ ਦੇ ਲੈਰੀ ਪੇਜ ਦੀ ਦੌਲਤ ਵਿਚ 1.39 ਅਰਬ ਡਾਲਰ ਅਤੇ ਸਰਜੀ ਬਰਿਨ ਦੀ ਨੈੱਟਵਰਥ ਵਿਚ 1.32 ਅਰਬ ਡਾਲਰ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਦੁਨੀਆ ਦੇ 10 ਅਰਬਪਤੀਆਂ ਨੇ ਇਕ ਬਿਲੀਅਨ ਡਾਲਰ ਜਾਂ ਉਸ ਤੋਂ ਵੱਧ ਦੀ ਦੌਲਤ ਗੁਆਈ ਹੈ, ਜਿਨ੍ਹਾਂ ਵਿਚ ਅਮਰੀਕਾ ਦੇ 5 ਅਰਬਪਤੀ ਸ਼ਾਮਲ ਹਨ। ਇਸ ਵਿਚ ਐਲਨ ਮਸਕ ਦਾ ਨਾਂ ਸਭ ਤੋਂ ਅੱਗੇ ਹੈ। ਉਨ੍ਹਾਂ ਦੀ ਦੌਲਤ ’ਚੋਂ 7.21 ਬਿਲੀਅਨ ਡਾਲਰ ਘੱਟ ਹੋਏ ਹਨ। ਉੱਥੇ ਹੀ ਇਸ ਲਿਸਟ ਵਿਚ ਭਾਰਤ ਦੇ 3 ਅਰਬਪਤੀਆਂ ਦੇ ਨਾਂ ਹਨ, ਜਿਨ੍ਹਾਂ ਦੀ ਦੌਲਤ ਵਿਚ ਸਭ ਤੋਂ ਵੱਧ ਗਿਰਾਵਟ ਦੇਖਣ ਨੂੰ ਮਿਲੀ ਹੈ। ਸਭ ਤੋਂ ਵੱਧ ਗਿਰਾਵਟ ਗੌਤਮ ਅਡਾਨੀ ਦੀ ਦੌਲਤ ਵਿਚ ਦੇਖਣ ਨੂੰ ਮਿਲੀ ਹੈ। ਅਡਾਨੀ ਦੀ ਦੌਲਤ 4.84 ਅਰਬ ਡਾਲਰ ਘੱਟ ਹੋਈ ਹੈ। ਉਸ ਤੋਂ ਬਾਅਦ ਅੰਬਾਨੀ ਅਤੇ ਸਾਵਿੱਤਰੀ ਜਿੰਦਲ ਦਾ ਨਾਂ ਹੈ। ਉਸ ਤੋਂ ਬਾਅਦ ਚੀਨ ਦੇ ਕੋਲਿਨ ਹੁਆਂਗ ਅਤੇ ਮੈਕਸੀਕੋ ਦੇ ਕਾਰਲੋਸ ਸਲਿਮ ਦਾ ਨਾਂ ਹੈ।

Add a Comment

Your email address will not be published. Required fields are marked *