ਚੀਨ ਨੇ ਪਾਕਿ ਅਤਿਵਾਦੀ ਮੀਰ ਨੂੰ ਕਾਲੀ ਸੂਚੀ ’ਚ ਪਾਉਣ ਤੋਂ ਰੋਕਿਆ

ਸੰਯੁਕਤ ਰਾਸ਼ਟਰ, 17 ਸਤੰਬਰ– ਚੀਨ ਨੇ ਪਾਕਿਸਤਾਨ ਅਧਾਰਿਤ ਲਸ਼ਕਰ-ਏ-ਤਇਬਾ ਦੇ ਅਤਿਵਾਦੀ ਸਾਜਿਦ ਮੀਰ ਨੂੰ ਕਾਲੀ ਸੂਚੀ ਵਿਚ ਪਾਉਣ ਦੇ ਅਮਰੀਕਾ ਤੇ ਭਾਰਤ ਦੇ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਵਿਚ ਰੋਕ ਦਿੱਤਾ ਹੈ। ਚਾਰ ਮਹੀਨਿਆਂ ਵਿਚ ਪੇਈਚਿੰਗ ਦਾ ਇਹ ਅਜਿਹਾ ਤੀਜਾ ਕਦਮ ਹੈ। ਮੀਰ ਭਾਰਤ ਦੇ ‘ਮੋਸਟ ਵਾਂਟੇਡ’ ਅਤਿਵਾਦੀਆਂ ਵਿਚੋਂ ਇਕ ਹੈ। ਉਹ 2008 ਦੇ ਮੁੰਬਈ ਹਮਲਿਆਂ ਦਾ ਮੁੱਖ ਸਾਜ਼ਿਸ਼ਕਰਤਾ ਵੀ ਹੈ। ਪੇਈਚਿੰਗ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ 1267 ਅਲ ਕਾਇਦਾ ਪਾਬੰਦੀ ਕਮੇਟੀ ਤਹਿਤ ਕੌਮਾਂਤਰੀ ਅਤਿਵਾਦੀ ਦੇ ਤੌਰ ’ਤੇ ਮੀਰ ਨੂੰ ਕਾਲੀ ਸੂਚੀ ਵਿਚ ਪਾਉਣ ਦੀ ਅਮਰੀਕਾ ਦੀ ਤਜਵੀਜ਼ ਨੂੰ ਵੀਰਵਾਰ ਨੂੰ ਰੋਕਿਆ ਹੈ। ਭਾਰਤ ਨੇ ਇਸ ਤਜਵੀਜ਼ ਦਾ ਸਮਰਥਨ ਕੀਤਾ  ਹੈ। ਇਸ ਤਹਿਤ ਮੀਰ ਦੀਆਂ ਸੰਪਤੀਆਂ ਨੂੰ ਕੁਰਕ ਕਰਨ ਤੇ ਉਸ ਉਤੇ ਯਾਤਰਾ ਤੇ ਹਥਿਆਰ ਰੱਖਣ ਦੀਆਂ ਪਾਬੰਦੀਆਂ ਲਾਉਣ ਦੀ ਤਜਵੀਜ਼ ਹੈ। ਅਮਰੀਕਾ ਨੇ ਮੁੰਬਈ ਹਮਲਿਆਂ ਵਿਚ ਉਸ ਦੀ ਭੂਮਿਕਾ ਲਈ ਉਸ ਉਤੇ 50 ਲੱਖ ਡਾਲਰ ਦਾ ਇਨਾਮ ਰੱਖਿਆ ਹੈ। ਉਸ ਨੂੰ ਪਾਕਿਸਤਾਨ ਵਿਚ ਵੀ ਅਤਿਵਾਦ ਫੰਡਿੰਗ ਦੇ ਮਾਮਲੇ ਵਿਚ 15 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਸੀ। ਪਾਕਿਸਤਾਨੀ ਅਥਾਰਿਟੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਮੀਰ ਦੀ ਮੌਤ ਹੋ ਗਈ ਹੈ ਪਰ ਪੱਛਮੀ ਦੇਸ਼ ਇਸ ਨਾਲ ਸਹਿਮਤ ਨਹੀਂ ਹੋਏ ਤੇ ਉਨ੍ਹਾਂ ਮੌਤ ਦਾ ਸਬੂਤ ਮੰਗਿਆ ਸੀ। 

Add a Comment

Your email address will not be published. Required fields are marked *