‘ਪੁਸ਼ਪਾ 2’ ’ਚ 10 ਕਰੋੜ ਦੀ ਸ਼ਰਾਬ ਤੇ ਪਾਨ ਮਸਾਲਾ ਐਡ ਕਰਨ ਤੋਂ ਅੱਲੂ ਅਰਜੁਨ ਦਾ ਇਨਕਾਰ

ਮੁੰਬਈ – ਲੋਕ ਸਟਾਈਲਿਸ਼ ਸਟਾਰ ਅੱਲੂ ਅਰਜੁਨ ਨੂੰ ਕਾਫ਼ੀ ਪਸੰਦ ਕਰਦੇ ਹਨ। ਅਰਜੁਨ, ਜਿਸ ਨੇ ਆਪਣਾ ਜ਼ਿਆਦਾਤਰ ਕਰੀਅਰ ਦੱਖਣ ’ਚ ਕੀਤਾ ਹੈ, ਨੂੰ ਉੱਤਰੀ ਭਾਰਤ ’ਚ ਵੀ ਉਸ ਦੇ ਪ੍ਰਸ਼ੰਸਕਾਂ ਵਲੋਂ ਬਹੁਤ ਫਾਲੋਅ ਕੀਤਾ ਜਾਂਦਾ ਹੈ। ਅੱਲੂ ਅਰਜੁਨ ਵੀ ਆਪਣੇ ਪ੍ਰਸ਼ੰਸਕਾਂ ਦਾ ਪਿਆਰ ਬਹੁਤ ਸਤਿਕਾਰ ਨਾਲ ਦਿੰਦੇ ਹਨ। ਹੁਣ ਉਸ ਨੇ ਕੁਝ ਅਜਿਹਾ ਕੀਤਾ ਹੈ, ਜੋ ਫ਼ਿਲਮ ਇੰਡਸਟਰੀ ਦੇ ਹੋਰ ਕਲਾਕਾਰਾਂ ਲਈ ਮਿਸਾਲ ਬਣ ਜਾਵੇਗਾ।

ਅੱਲੂ ਦੀ ਅਗਲੀ ਫ਼ਿਲਮ ‘ਪੁਸ਼ਪਾ : ਦਿ ਰੂਲ’ ਯਾਨੀ ‘ਪੁਸ਼ਪਾ 2’ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ‘ਪੁਸ਼ਪਾ : ਦਿ ਰਾਈਜ਼’ ਦੀ ਜ਼ਬਰਦਸਤ ਸਫ਼ਲਤਾ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਸੀਕੁਅਲ ਜ਼ਬਰਦਸਤ ਕਮਾਈ ਕਰਨ ਵਾਲਾ ਹੈ। ਇਹ ਆਸਾਨੀ ਨਾਲ ਕਲਪਨਾ ਕੀਤੀ ਜਾ ਸਕਦੀ ਹੈ ਕਿ ਇੰਨੀ ਵੱਡੀ ਫ਼ਿਲਮ ’ਚ ਹਰੇਕ ਵਿਗਿਆਪਨ ਕੰਪਨੀ ਮੋਟੀ ਰਕਮ ਦੇਣ ਲਈ ਤਿਆਰ ਹੈ ਪਰ ਅੱਲੂ ਅਰਜੁਨ ਨੇ ਹੁਣ ‘ਪੁਸ਼ਪਾ 2’ ਲਈ ਵੱਡੀ ਬ੍ਰਾਂਡ ਡੀਲ ਨੂੰ ਰੱਦ ਕਰ ਦਿੱਤਾ ਹੈ।

ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਅੱਲੂ ਅਰਜੁਨ ਨੇ ਆਪਣੀ ਫ਼ਿਲਮ ਲਈ ਇਕ ਵੱਡੇ ਬ੍ਰਾਂਡ ਦੀ ਡੀਲ ਨੂੰ ਠੁਕਰਾ ਦਿੱਤਾ ਹੈ ਤੇ ਕਾਰਨ ਇਹ ਹੈ ਕਿ ਉਹ ਆਪਣੀ ਫ਼ਿਲਮ ਰਾਹੀਂ ਕਿਸੇ ਵੀ ਬੁਰੀ ਆਦਤ ਦਾ ਸਮਰਥਨ ਨਹੀਂ ਕਰਨਾ ਚਾਹੁੰਦਾ। ਭਾਵੇਂ ਅੱਲੂ ‘ਪੁਸ਼ਪਾ’ ਫ੍ਰੈਂਚਾਇਜ਼ੀ ’ਚ ਇਕ ਰਾਊਡੀ ਦਾ ਕਿਰਦਾਰ ਨਿਭਾਅ ਰਿਹਾ ਹੈ ਪਰ ਕੁਝ ਲਾਈਨਾਂ ਹਨ, ਜਿਨ੍ਹਾਂ ਨੂੰ ਉਹ ਪਾਰ ਨਹੀਂ ਕਰਨਾ ਚਾਹੁੰਦਾ।

ਅੱਲੂ ਅਰਜੁਨ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ ਹੈ। ‘ਪੁਸ਼ਪਾ’ ਦੀ ਸਫ਼ਲਤਾ ਤੋਂ ਬਾਅਦ ਵੀ ਉਸ ਨੂੰ ਇਕ ਟੀ. ਵੀ. ਕਮਰਸ਼ੀਅਲ ਲਈ ਅਜਿਹੇ ਉਤਪਾਦ ਦੇ ਸਮਰਥਨ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। ਅਰਜੁਨ ਦੀ ਟੀਮ ਨੇ ਦੱਸਿਆ ਸੀ ਕਿ ਉਹ ਨਿੱਜੀ ਤੌਰ ’ਤੇ ਨਾ ਤਾਂ ਤੰਬਾਕੂ ਦਾ ਸੇਵਨ ਕਰਦਾ ਹੈ ਤੇ ਨਾ ਹੀ ਆਪਣੇ ਪ੍ਰਸ਼ੰਸਕਾਂ ’ਚ ਇਸ ਆਦਤ ਦਾ ਸਮਰਥਨ ਕਰਨਾ ਚਾਹੁੰਦਾ ਹੈ।

ਅੱਲੂ ਅਰਜੁਨ ਦੀ ‘ਪੁਸ਼ਪਾ 2’ 15 ਅਗਸਤ, 2024 ਨੂੰ ਰਿਲੀਜ਼ ਹੋਵੇਗੀ। ਫ਼ਿਲਮ ’ਚ ਉਨ੍ਹਾਂ ਨਾਲ ਰਸ਼ਮਿਕਾ ਮੰਦਾਨਾ ਤੇ ਫਹਾਦ ਫਾਜ਼ਿਲ ਵੀ ਨਜ਼ਰ ਆਉਣਗੇ। ਤੇਲਗੂ ਦੇ ਨਾਲ ਇਹ ਫ਼ਿਲਮ ਹਿੰਦੀ, ਤਾਮਿਲ, ਕੰਨੜਾ ਤੇ ਮਲਿਆਲਮ ਭਾਸ਼ਾਵਾਂ ’ਚ ਵੀ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *