ਦੀਪਤੀ ਦੀ ਆਲਰਾਊਂਡ ਖੇਡ ਨਾਲ ਇੰਗਲੈਂਡ ਵਿਰੁੱਧ ਭਾਰਤ ਮਜ਼ਬੂਤ ਸਥਿਤੀ ‘ਚ

ਨਵੀਂ ਦਿੱਲੀ– ਦੀਪਤੀ ਸ਼ਰਮਾ ਦੇ ਆਲਰਾਊਂਡ ਪ੍ਰਦਰਸ਼ਨ ਨਾਲ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਵਿਰੁੱਧ ਇਕਲੌਤੇ ਮਹਿਲਾ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਅਜੇ ਦੋ ਦਿਨ ਦੀ ਖੇਡ ਬਚੀ ਹੈ ਤੇ ਦੂਜੀ ਪਾਰੀ ਵਿਚ ਹੁਣ ਤਕ 478 ਦੌੜਾਂ ਦੀ ਬੜ੍ਹਤ ਬਣਾਉਣ ਤੋਂ ਬਾਅਦ ਭਾਰਤ ਕੋਲ ਘਰੇਲੂ ਧਰਤੀ ’ਤੇ ਪਹਿਲੀ ਵਾਰ ਇੰਗਲੈਂਡ ਵਿਰੁੱਧ ਟੈਸਟ ਜਿੱਤਣ ਦਾ ਮੌਕਾ ਹੈ। ਦੀਪਤੀ ਨੇ ਭਾਰਤ ਦੀ ਪਹਿਲੀ ਪਾਰੀ ਵਿਚ 113 ਗੇਂਦਾਂ ਵਿਚ 67 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ 428 ਦੌੜਾਂ ਤਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਆਪਣੀ ਸ਼ਾਨਦਾਰ ਫਿਰਕੀ ਨਾਲ ਇੰਗਲੈਂਡ ਦੇ ਬੱਲੇਬਾਜ਼ੀ ਕ੍ਰਮ ਨੂੰ ਝੰਝੋੜ ਕੇ ਰੱਖ ਦਿੱਤਾ। ਉਸ ਨੇ 5.3 ਓਵਰਾਂ ਵਿਚ 4 ਮੇਡਨ ਤੇ 7 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ ਇੰਗਲੈਂਡ ਦੀ ਪਹਿਲੀ ਪਾਰੀ ਸਿਰਫ 136 ਦੌੜਾਂ ’ਤੇ ਸਿਮਟ ਗਈ। ਇੰਗਲੈਂਡ ਦੀ ਟੀਮ ਇਕ ਸਮੇਂ 3 ਵਿਕਟਾਂ ’ਤੇ 108 ਦੌੜਾਂ ਬਣਾ ਕੇ ਚੰਗੀ ਸਥਿਤੀ ਵਿਚ ਸੀ ਪਰ ਇਸ ਤੋਂ ਬਾਅਦ ਦੀਪਤੀ ਦੇ ਕਹਿਰ ਨਾਲ ਉਸਦੀ ਪਾਰੀ ਸਸਤੇ ਵਿਚ ਸਿਮਟ ਗਈ। ਟੀਮ ਨੇ 10 ਦੌੜਾਂ ਦੇ ਅੰਦਰ ਆਖਰੀ 6 ਵਿਕਟਾਂ ਗੁਆ ਦਿੱਤੀਆਂ। ਸਨੇਹ ਰਾਣਾ ਨੇ 25 ਦੌੜਾਂ ਦੇ ਕੇ 2 ਜਦਕਿ ਰੇਣੂਕਾ ਸਿੰਘ ਤੇ ਪੂਜਾ ਵਸਤਾਰਕਰ ਨੇ ਇਕ-ਇਕ ਵਿਕਟ ਲਈ।

ਭਾਰਤ ਨੇ ਪਹਿਲੀ ਪਾਰੀ ਵਿਚ 292 ਦੌੜਾਂ ਦੀ ਵੱਡੀ ਬੜ੍ਹਤ ਲੈਣ ਤੋਂ ਬਾਅਦ ਇੰਗਲੈਂਡ ਨੂੰ ਫਾਲੋਆਨ ਕਰਨ ਦੀ ਜਗ੍ਹਾ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਟੀਮ ਨੇ ਦਿਨ ਦੀ ਖੇਡ ਖਤਮ ਹੋਣ ਤਕ ਆਪਣੀ ਦੂਜੀ ਪਾਰੀ ਵਿਚ 6 ਵਿਕਟਾਂ ’ਤੇ 186 ਦੌੜਾਂ ਬਣਾ ਲਈਆਂ ਤੇ ਉਸਦੀ ਕੁਲ ਬੜ੍ਹਤ 478 ਦੌੜਾਂ ਦੀ ਹੋ ਗਈ ਹੈ ਜਦਕਿ ਅਜੇ ਉਸਦੀਆਂ 4 ਵਿਕਟਾਂ ਬਾਕੀ ਹਨ। ਸਟੰਪਸ ਦੇ ਸਮੇਂ ਕਪਤਾਨ ਹਰਮਨਪ੍ਰੀਤ ਕੌਰ 44 ਤੇ ਆਲਰਾਊਂਡਰ ਪੂਜਾ ਵਸਤਾਰਕਰ 17 ਦੌੜਾਂ ਬਣਾ ਕੇ ਕ੍ਰੀਜ਼’ਤੇ ਮੌਜੂਦ ਹੈ। ਦੋਵਾਂ ਨੇ 7ਵੀਂ ਵਿਕਟ ਲਈ ਹੁਣ ਤਕ 53 ਦੌੜਾਂ ਦੀ ਸਾਂਝੇਦਾਰੀ ਕਰ ਲਈ ਹੈ।
ਭਾਰਤ ਨੂੰ ਦੂਜੀ ਪਾਰੀ ਵਿਚ ਸਮ੍ਰਿਤੀ ਮੰਧਾਨਾ (26) ਤੇ ਸ਼ੈਫਾਲੀ ਵਰਮਾ (33) ਨੇ 61 ਦੌੜਾਂ ਦੀ ਸਾਂਝੇਦਾਰੀ ਕਰਕੇ ਚੰਗੀ ਸ਼ੁਰੂਆਤ ਦਿਵਾਈ ਪਰ ਇੰਗਲੈਂਡ ਦੀਆਂ ਸਪਿਨ ਗੇਂਦਬਾਜ਼ਾਂ ਨੇ ਇਸ ਤੋਂ ਬਾਅਦ ਭਾਰਤੀਆਂ ਨੂੰ ਪ੍ਰੇਸ਼ਾਨ ਕੀਤਾ। ਚਾਰਲੀ ਡੀਨ (68 ਦੌੜਾਂ ’ਤੇ 4 ਵਿਕਟਾਂ) ਤੇ ਤਜਰਬੇਕਾਰ ਸੋਫੀ ਐਕਲੇਸਟੋਨ (76 ਦੌੜਾਂ ’ਤੇ 2 ਵਿਕਟਾਂ) ਨੇ ਵਿਕਟਾਂ ਲਈਆਂ।

ਜੇਮਿਮਾ ਰੋਡ੍ਰਿਗੇਜ਼ ਨੇ ਵੀ ਬੱਲੇ ਨਾਲ 27 ਦੌੜਾਂ ਦਾ ਯੋਗਦਾਨ ਦਿੱਤਾ। ਪਹਿਲੀ ਪਾਰੀ ਵਿਚ ਅਰਧ ਸੈਂਕੜਾ ਲਾਉਣ ਵਾਲੀ ਸ਼ੁਭਾ ਸਤੀਸ਼ ਉਂਗਲੀ ਵਿਚ ਸੱਟ ਕਾਰਨ ਬੱਲੇਬਾਜ਼ੀ ਲਈ ਨਹੀਂ ਉਤਰੀ, ਜਿਸ ਨਾਲ ਭਾਰਤ ਨੂੰ ਆਪਣੇ ਬੱਲੇਬਾਜ਼ੀ ਕ੍ਰਮ ਵਿਚ ਬਦਲਾਅ ਕਰਨਾ ਪਿਆ। ਮੈਚ ਦੇ ਦੂਜੇ ਦਿਨ ਕੁੱਲ 19 ਵਿਕਟਾਂ ਡਿੱਗੀਆਂ, ਜਿਸ ਵਿਚ ਭਾਰਤ ਦੀ ਪਹਿਲੀ ਪਾਰੀ ਦੀਆਂ 3 ਵਿਕਟਾਂ ਸ਼ਾਮਲ ਹਨ। ਇਸ ਵਿਚੋਂ 15 ਵਿਕਟਾਂ ਸਪਿਨਰਾਂ ਦੇ ਨਾਂ ਰਹੀਆਂ। ਭਾਰਤ ਨੇ ਦਿਨ ਦੀ ਸ਼ੁਰੂਆਤ ਪਹਿਲੀ ਪਾਰੀ ਵਿਚ 7 ਵਿਕਟਾਂ ’ਤੇ 410 ਦੌੜਾਂ ਤੋਂ ਅੱਗੇ ਕੀਤੀ ਸੀ ਪਰ ਇੰਗਲੈਂਡ ਦੀਆਂ ਗੇਂਦਬਾਜ਼ਾਂ ਨੇ 10.3 ਓਵਰਾਂ ਵਿਚ 18 ਦੌੜਾਂ ਦੇ ਅੰਦਰ ਬਾਕੀ ਬਚੀਆਂ ਤਿੰਨੇ ਵਿਕਟਾਂ ਲੈ ਲਈਆਂ।

Add a Comment

Your email address will not be published. Required fields are marked *