ਪੰਜਾਬ ਕਿੰਗਜ਼ ਨੇ ਬੇਲਿਸ ਨੂੰ ਮੁੱਖ ਕੋਚ ਕੀਤਾ ਨਿਯੁਕਤ

ਮੋਹਾਲੀ – ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਟੀਮ ਪੰਜਾਬ ਕਿੰਗਜ਼ ਨੇ ਇਸ ਫ੍ਰੈਂਚਾਇਜ਼ੀ ਆਧਾਰਿਤ ਟੀ-20 ਟੂਰਨਾਮੈਂਟ ਦੇ ਅਗਲੇ ਸੀਜ਼ਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟ੍ਰੇਵਰ ਬੇਲਿਸ ਨੂੰ ਆਪਣਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ। ਬੇਲਿਸ ਨੂੰ ਅਨਿਲ ਕੁੰਬਲੇ ਦੀ ਜਗ੍ਹਾ ਮੁੱਖ ਕੋਚ ਬਣਾਇਆ ਗਿਆ ਹੈ। ਸਾਬਕਾ ਭਾਰਤੀ ਕਪਤਾਨ ਕੁੰਬਲੇ ਦੀ ਅਗਵਾਈ ‘ਚ ਟੀਮ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਜਿਸ ਤੋਂ ਬਾਅਦ ਪੰਜਾਬ ਕਿੰਗਜ਼ ਨੇ ਉਨ੍ਹਾਂ ਦਾ ਇਕਰਾਰਨਾਮਾ ਰੀਨਿਊ ਨਹੀਂ ਕੀਤਾ।

ਬੇਲਿਸ ਨੇ ਫਰੈਂਚਾਇਜ਼ੀ ਵੱਲੋਂ ਜਾਰੀ ਬਿਆਨ ‘ਚ ਕਿਹਾ, ‘ਪੰਜਾਬ ਕਿੰਗਜ਼ ਦਾ ਮੁੱਖ ਕੋਚ ਨਿਯੁਕਤ ਹੋਣ ‘ਤੇ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਪੰਜਾਬ ਕਿੰਗਜ਼ ਇੱਕ ਅਜਿਹੀ ਫਰੈਂਚਾਇਜ਼ੀ ਹੈ ਜੋ ਸਫ਼ਲਤਾ ਦੀ ਭੁੱਖੀ ਹੈ। ਮੈਂ ਪ੍ਰਤਿਭਾਸ਼ਾਲੀ ਖਿਡਾਰੀਆਂ ਨਾਲ ਭਰੀ ਇਸ ਟੀਮ ਨਾਲ ਕੰਮ ਕਰਨ ਲਈ ਉਤਸੁਕ ਹਾਂ।’ ਬੇਲਿਸ ਇੱਕ ਬਹੁਤ ਹੀ ਤਜ਼ਰਬੇਕਾਰ ਕੋਚ ਹਨ। ਉਨ੍ਹਾਂ ਦੀ ਅਗਵਾਈ ‘ਚ ਇੰਗਲੈਂਡ ਨੇ 2019 ‘ਚ 50 ਓਵਰਾਂ ਦਾ ਵਿਸ਼ਵ ਕੱਪ ਜਿੱਤਿਆ ਸੀ।

ਕੋਲਕਾਤਾ ਨਾਈਟ ਰਾਈਡਰਜ਼ ਨੇ 2012 ਅਤੇ 2014 ਵਿੱਚ ਬੇਲਿਸ ਦੇ ਰਹਿੰਦੇ ਹੋਏ ਆਈ.ਪੀ.ਐੱਲ. ਖ਼ਿਤਾਬ ਜਿੱਤੇ ਸਨ, ਜਦੋਂਕਿ ਉਨ੍ਹਾਂ ਨੇ ਸਿਡਨੀ ਸਿਕਸਰਸ ਨੂੰ ਬਿਗ ਬੈਸ਼ ਲੀਗ ਦਾ ਖ਼ਿਤਾਬ ਜਿੱਤਣ ਵਿੱਚ ਮਦਦ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਬੇਲਿਸ 2020 ਅਤੇ 2021 ਆਈ.ਪੀ.ਐੱਲ. ਸੀਜ਼ਨ ਵਿੱਚ ਸਨਰਾਈਜ਼ਰਸ ਹੈਦਰਾਬਾਦ ਦੇ ਮੁੱਖ ਕੋਚ ਸਨ। ਕੁੰਬਲੇ ਦੇ ਕੋਚ ਰਹਿੰਦੇ ਹੋਂ ਪੰਜਾਬ ਕਿੰਗਜ਼ ਦੀ ਟੀਮ ਲਗਾਤਾਰ ਤਿੰਨ ਸਾਲਾਂ ਤੱਕ ਆਈ.ਪੀ.ਐੱਲ. ਪਲੇਆਫ ਵਿੱਚ ਥਾਂ ਨਹੀਂ ਬਣਾ ਸਕੀ ਸੀ।

Add a Comment

Your email address will not be published. Required fields are marked *