High Alert ‘ਤੇ ਲੁਧਿਆਣਾ! ਗੁਰਦੁਆਰੇ ‘ਚ ਕਰਵਾਈ ਜਾ ਰਹੀ ਅਨਾਊਂਸਮੈਂਟ

ਲੁਧਿਆਣਾ : ਲੁਧਿਆਣਾ ਜ਼ਿਲ੍ਹੇ ‘ਚ ਹਾਈ ਅਲਰਟ ਦੇ ਬਾਵਜੂਦ ਵੀ ਅਜੇ ਤੱਕ ਲੋਕ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਹਨ। ਦਰਅਸਲ ਮਹਾਨਗਰ ਦੇ ਪੱਖੋਵਾਲ ਰੋਡ ‘ਤੇ ਸਥਿਤ ਪਾਸ਼ ਕਾਲੋਨੀ ਸੈਂਟਰਾ ਗਰੀਨ ‘ਚ 3 ਦਿਨ ਪਹਿਲਾਂ ਦਿਖਾਈ ਦਿੱਤਾ ਚੀਤਾ ਅਜੇ ਤੱਕ ਜੰਗਲਾਤ ਵਿਭਾਗ ਦੀ ਪਕੜ ਤੋਂ ਬਾਹਰ ਹੈ। ਕਾਲੋਨੀ ਅਤੇ ਆਸ-ਪਾਸ ਦੇ ਕਈ ਇਲਾਕਿਆਂ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਕਦੇ ਕੋਈ ਪੁਰਾਣਾ ਵੀਡੀਓ ਵਾਇਰਲ ਕਰ ਦਿੰਦਾ ਹੈ ਤਾਂ ਕਦੇ ਕੋਈ ਗਲਤ ਸੂਚਨਾ ਕੰਟਰੋਲ ਰੂਮ ਨੂੰ ਦੇ ਕੇ ਵਿਭਾਗ ਨੂੰ ਗੁੰਮਰਾਹ ਕਰ ਰਿਹਾ ਹੈ।

ਜੰਗਲਾਤ ਵਿਭਾਗ ਦੇ ਅਧਿਕਾਰੀ ਪ੍ਰੀਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚੀਤੇ ਨੂੰ ਕਿਸੇ ਡਰਾਈਵਰ ਵੱਲੋਂ ਸੜਕ ਪਾਰ ਕਰਦੇ ਹੋਏ ਦੇਖਿਆ ਗਿਆ ਹੈ। ਇਸ ‘ਤੇ ਪਿੰਡ ਸਰੀਂਹ ਦੇ ਗੁਰਦੁਆਰਾ ਸਾਹਿਬ ‘ਚ ਅਨਾਊਂਸਮੈਂਟ ਕਰਵਾ ਕੇ ਪੂਰੇ ਪਿੰਡ ਨੂੰ ਸਾਵਧਾਨ ਕੀਤਾ ਗਿਆ। ਜਿਵੇਂ ਹੀ ਸਾਨੂੰ ਸੂਚਨਾ ਮਿਲੀ ਤਾਂ ਸਾਡੀ ਟੀਮ ਨੇ ਉੱਥੇ ਜਾ ਕੇ ਪਿੰਡ ਦੇ ਸਰਪੰਚ ਮਲਕੀਤ ਸਿੰਘ ਅਤੇ ਉੱਥੇ ਦੇ ਲੋਕਾਂ ਨਾਲ ਗੱਲ ਕਰਕੇ ਜਾਣਕਾਰੀ ਹਾਸਲ ਕੀਤੀ। ਸਾਡੀ ਟੀਮ ਨੇ ਪਿੰਡ ਦਾ ਚੱਪਾ-ਚੱਪਾ ਦੇਖ ਲਿਆ, ਪਰ ਕੋਈ ਵੀ ਨਿਸ਼ਾਨ ਜਾਂ ਸਬੂਤ ਨਹੀਂ ਮਿਲਿਆ।

ਅਗਲੀ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਇਹ ਜਾਨਵਰ ਰਾਤ ਦੇ ਸਮੇਂ ਹਮਲਾ ਕਰਦਾ ਹੈ ਅਤੇ ਰਾਤ ਦੇ ਸਮੇਂ ਹੀ ਅੱਗੇ ਦਾ ਸਫ਼ਰ ਕਰਦਾ ਹੈ, ਇਸ ਲਈ ਹੁਣ ਵਿਭਾਗ ਨੂੰ ਵੀ ਅਗਲੀ ਕਾਰਵਾਈ ਦੀ ਤਿਆਰੀ ਕਰਦੇ ਹੋਏ ਬੜੀ ਸਾਵਧਾਨੀ ਨਾਲ ਕੰਮ ਨੂੰ ਅੰਜਾਮ ਦੇਣਾ ਪਵੇਗਾ। ਜੰਗਲਾਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਾੜਾਂ ‘ਚ ਇਸ ਮੌਸਮ ‘ਚ ਬਹੁਤ ਠੰਡ ਅਤੇ ਬਰਫ਼ ਪੈਣ ਕਾਰਨ ਜੰਗਲੀ ਜੀਵ ਨਹਿਰਾਂ ਅਤੇ ਮੈਦਾਨੀ ਇਲ਼ਾਕਿਆਂ ਤੋਂ ਹੁੰਦੇ ਹੋਏ ਰਿਹਾਇਸ਼ੀ ਇਲਾਕੇ ‘ਚ ਅਕਸਰ ਆ ਜਾਂਦੇ ਹਨ। ਇਹ ਰਾਤ ਨੂੰ ਹੀ ਆਪਣੀ ਸਫ਼ਰ ਤੈਅ ਕਰਦੇ ਹੋਏ ਦੂਰ-ਦੂਰ ਤੱਕ ਚੱਲਦੇ ਰਹਿੰਦੇ ਹਨ। ਸਾਡੀ ਟੀਮ 24 ਘੰਟੇ ਦਿਨ-ਰਾਤ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਰਹੇਗੀ।

Add a Comment

Your email address will not be published. Required fields are marked *