ਪੁਲਸ ਨੇ ਰੁਕਵਾਇਆ ਸਸਕਾਰ, ਬਲਦੇ ਸਿਵੇ ’ਚੋਂ ਕੱਢੀ ਨੌਜਵਾਨ ਦੀ ਲਾਸ਼ 

ਭਿੱਖੀਵਿੰਡ : ਥਾਣਾ ਭਿੱਖੀਵਿੰਡ ਦੀ ਪੁਲਸ ਨੇ ਕਤਲ ਦੇ ਸ਼ੱਕ ਹੇਠ ਪਿੰਡ ਸੁਰਸਿੰਘ ਦੇ ਬਲਦੇ ਸਿਵਿਆਂ ’ਚੋਂ ਨੌਜਵਾਨ ਲੜਕੇ ਦੀ ਲਾਸ਼ ਨੂੰ ਕਬਜ਼ੇ ’ਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਦੀ ਮਾਤਾ ਨੇ ਚਾਚੇ-ਤਾਇਆਂ ’ਤੇ ਉਸਦੇ ਪੁੱਤਰ ਦਾ ਜ਼ਮੀਨ ਖਾਤਰ ਕਤਲ ਕਰਨ ਦੇ ਦੋਸ਼ ਲਗਾਏ ਹਨ। ਥਾਣਾ ਭਿੱਖੀਵਿੰਡ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕ ਨੌਜਵਾਨ ਦੀ ਮਾਂ ਰਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਪੁੱਤਰ ਹਰਦੀਪ ਸਿੰਘ (21) ਪੁੱਤਰ ਬਗੀਚਾ ਸਿੰਘ, ਜਿਸ ਦਾ 24-25 ਫਰਵਰੀ ਨੂੰ ਵਿਆਹ ਸੀ ਦਾ ਉਸਦੇ ਚਾਚੇ-ਤਾਇਆਂ ਨੇ ਜ਼ਮੀਨ ਜਾਇਦਾਦ ਖਾਤਰ ਰਾਤ ਸਮੇਂ ਸੁੱਤੇ ਹੋਏ ਨੂੰ ਫਾਹਾ ਦੇ ਕੇ ਕਤਲ ਕਰ ਦਿੱਤਾ ਹੈ।

ਰਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਬਗੀਚਾ ਸਿੰਘ ਦੀ ਮੌਤ ਸਾਲ 2004 ਹੋ ਗਈ ਸੀ, ਜਿਸ ਤੋਂ ਚਾਰ ਸਾਲ ਬਾਅਦ ਉਸ ਨੇ ਸਾਲ 2008 ’ਚ ਆਪਣਾ ਵਿਆਹ ਦੂਜੀ ਜਗ੍ਹਾ ਦਿਲਬਾਗ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਪਿੰਡ ਕਲੇਰ ਥਾਣਾ ਵੈਰੋਂਵਾਲ ਨਾਲ ਕਰ ਲਿਆ ਸੀ ਅਤੇ ਵਿਆਹ ਤੋਂ ਚਾਰ ਸਾਲ ਬਾਅਦ ਉਸ ਦੇ ਚਾਚੇ-ਤਾਇਆਂ ਨੇ ਸੱਤ ਕਿੱਲੇ ਜ਼ਮੀਨ ਹੱਥੋਂ ਜਾਂਦੀ ਦੇਖ ਹਰਦੀਪ ਸਿੰਘ ਨੂੰ ਉਸ ਤੋਂ ਸਾਲ 2013 ’ਚ ਸੁਰਸਿੰਘ ਲੈ ਆਂਦਾ ਸੀ। ਰਵਿੰਦਰ ਕੌਰ ਨੇ ਦੱਸਿਆ ਕਿ ਅਕਸਰ ਹੀ ਉਸ ਦੇ ਚਾਚੇ-ਤਾਏ ਹਰਦੀਪ ਨਾਲ ਜ਼ਮੀਨ ਖਾਤਰ ਲੜਦੇ ਸਨ।

ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਸਦੀ ਗੱਲ ਹਰਦੀਪ ਸਿੰਘ ਨਾਲ ਹੋਈ ਸੀ ਤਾਂ ਉਸ ਵਕਤ ਤਾਏ ਤੇ ਉਸ ਦੇ ਲੜਕੇ ਹਰਦੀਪ ਸਿੰਘ ਦਾ ਆਪਸੀ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੇ ਹਰਦੀਪ ਸਿੰਘ ਦਾ ਫਾਹਾ ਦੇ ਕਤਲ ਕਰ ਦਿੱਤਾ ਅਤੇ ਮੈਨੂੰ ਦੱਸੇ ਬਿਨਾਂ ਹੀ ਸ਼ਮਸ਼ਾਨ ਘਾਟ ’ਚ ਸਸਕਾਰ ਲਈ ਲੈ ਗਏ, ਜਿਸ ਦਾ ਪਤਾ ਲੱਗਣ ’ਤੇ ਜਦ ਮੈਂ ਇਸ ਮਾਮਲੇ ਸਬੰਧੀ ਭਿੱਖੀਵਿੰਡ ਪੁਲਸ ਨੂੰ ਜਾਣੂ ਕਰਵਾਇਆ ਤਾਂ ਪੁਲਸ ਨੇ ਮੌਕੇ ’ਤੇ ਸ਼ਮਸ਼ਾਨਘਾਟ ਪਹੁੰਚ ਕੇ ਅੱਧਸੜੀ ਹਰਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉੱਥੇ ਹੀ ਮ੍ਰਿਤਕ ਦੀ ਮਾਂ ਰਵਿੰਦਰ ਕੌਰ ਤੇ ਉਸਦੇ ਦੂਜੇ ਪਤੀ ਤੇ ਰਿਸ਼ਤੇਦਾਰਾਂ ਨੇ ਪੁਲਸ ਪਾਸੋਂ ਮੰਗ ਕੀਤੀ ਕਿ ਉਕਤ ਕਤਲ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।

ਉੱਥੇ ਹੀ ਥਾਣਾ ਭਿੱਖੀਵਿੰਡ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਵਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਰਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *