ਗੋਗਾਮੇੜੀ ਦੇ ਕਤਲ ਲਈ ਸ਼ੂਟਰਾਂ ਨੂੰ ‘ਲੇਡੀ ਡੌਨ’ ਨੇ ਸਪਲਾਈ ਕੀਤੇ ਸਨ ਹਥਿਆਰ

ਜੈਪੁਰ- ਕਰਣੀ ਸੈਨਾ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਮਾਮਲੇ ‘ਚ ਜਾਂਚ ਦੌਰਾਨ ਅਹਿਮ ਖ਼ੁਲਾਸਾ ਹੋਇਆ ਹੈ। ਇਸ ਵਿਚ ਇਕ ਲੇਡੀ ਡੌਨ ਦੀ ਭੂਮਿਕਾ ਸਾਹਮਣੇ ਆਈ ਹੈ, ਜਿਸ ਦਾ ਨਾਂ ਪੂਜਾ ਸੈਨੀ ਹੈ। ਪੁਲਸ ਮੁਤਾਬਕ ਗੋਗਾਮੇੜੀ ਦੇ ਕਤਲ ਵਿਚ ਇਸ ਮਹਿਲਾ ਨੇ ਸ਼ੂਟਰਾਂ ਦੀ ਮਦਦ ਕੀਤੀ ਸੀ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 

ਪੁਲਸ ਵਲੋਂ ਫੜੀ ਗਈ ਲੇਡੀ ਡਾਨ ਪੂਜਾ ਸੈਨੀ ਨੂੰ ਟੋਂਕ ਤੋਂ ਫੜਿਆ ਗਿਆ ਹੈ। ਹਾਲਾਂਕਿ ਹਥਿਆਰਾਂ ਦਾ ਜਖ਼ੀਰਾ ਲੈ ਕੇ ਉਸ ਦਾ ਪਤੀ ਮਹਿੰਦਰ ਮੇਘਵਾਲ ਉਰਫ਼ ਸਮੀਰ ਫਰਾਰ ਹੋ ਗਿਆ। ਜੈਪੁਰ ਦੇ ਪੁਲਸ ਕਮਿਸ਼ਨਰ ਬੀਜੂ ਜਾਰਜ ਜੋਸੇਫ ਨੇ ਦੱਸਿਆ ਕਿ ਪੂਜਾ ਅਤੇ ਉਸ ਦੇ ਪਤੀ ਮਹਿੰਦਰ ਨੇ ਨਿਤਿਨ ਫ਼ੌਜੀ ਨੂੰ ਹਥਿਆਰ ਦੀ ਸਪਲਾਈ ਕੀਤੀ ਸੀ। ਅਧਿਕਾਰੀ ਮੁਤਾਬਕ ਗੋਗਾਮੇੜੀ ਦੇ ਸ਼ੂਟਰਾਂ ਨੂੰ 5 ਦਸੰਬਰ ਨੂੰ ਕਤਲ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਲੱਗਭਗ ਇਕ ਹਫ਼ਤੇ ਤੱਕ ਜੈਪੁਰ ਦੇ ਜਗਤਪੁਰਾ ਇਲਾਕੇ ਵਿਚ ਪੂਜਾ ਅਤੇ ਮਹਿੰਦਰ ਦੇ ਕਿਰਾਏ ਦੇ ਫਲੈਟ ਵਿਚ ਰਹੇ ਸਨ। 

ਪੁਲਸ ਮੁਤਾਬਕ ਇਸ ਕਤਲ ਲਈ ਮੇਘਵਾਲ ਨੇ ਅੱਧਾ ਦਰਜਨ ਤੋਂ ਜ਼ਿਆਦਾ ਪਿਸਟਲ ਅਤੇ ਭਾਰੀ ਮਾਤਰਾ ‘ਚ ਕਾਰਤੂਸ ਖਰੀਦੇ ਸਨ। ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੋਦਾਰਾ ਨੇ ਇਕ ਫੇਸਬੁੱਕ ਪੋਸਟ ‘ਚ ਗੋਗਾਮੇੜੀ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਸੀ ਕਿ ਕਰਣੀ ਸੈਨਾ ਮੁਖੀ ਉਨ੍ਹਾਂ ਦੇ ਦੁਸ਼ਮਣਾਂ ਦਾ ਸਮਰਥਨ ਕਰ ਰਹੇ ਸਨ। ਵਧੀਕ ਪੁਲਸ ਕਮਿਸ਼ਨਰ ਕੈਲਾਸ਼ ਚੰਦਰ ਬਿਸ਼ਨੋਈ ਨੇ ਦੱਸਿਆ ਕਿ ਮੇਘਵਾਲ ਦੇ ਫਲੈਟ ਤੋਂ ਇਕ ਏਕੇ-47 ਰਾਈਫਲ ਦੀ ਫੋਟੋ ਵੀ ਬਰਾਮਦ ਹੋਈ ਹੈ।

ਪੁਲਸ ਨੇ ਦੱਸਿਆ ਕਿ ਫਲੈਟ ਤੋਂ ਕਾਫੀ ਸਬੂਤ ਬਰਾਮਦ ਹੋਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਨੈੱਟਵਰਕ ਇੱਥੋਂ ਚੱਲ ਰਿਹਾ ਸੀ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਜੈਪੁਰ ਵਿਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕੀਤੇ ਗਏ ਕਤਲ ਲਈ ਮਹਿੰਦਰ ਅਤੇ ਪੂਜਾ ਨੇ ਹਥਿਆਰ ਮੁਹੱਈਆ ਕਰਵਾਏ ਸਨ। ਪੁੱਛ-ਗਿੱਛ ਦੌਰਾਨ ਪੂਜਾ ਨੇ ਦੱਸਿਆ ਕਿ ਨਿਤਿਨ 7 ਦਿਨ ਉਸ ਦੇ ਘਰ ਠਹਿਰਿਆ ਸੀ। ਉਸ ਨੂੰ ਹਥਿਆਰ ਅਤੇ ਪੈਸੇ ਉਸ ਦੇ ਪਤੀ ਮਹਿੰਦਰ ਨੇ ਦਿੱਤੇ ਸਨ। 

Add a Comment

Your email address will not be published. Required fields are marked *