ਪੰਜਾਬ ਸਰਕਾਰ ਵੱਲੋਂ IAS ਤੇ PCS ਅਧਿਕਾਰੀਆਂ ਦੇ ਵੱਡੇ ਪੱਧਰ ‘ਤੇ ਤਬਾਦਲੇ

ਜਲੰਧਰ : ਪੰਜਾਬ ਸਰਕਾਰ ਵੱਲੋਂ 10 ਦਸੰਬਰ ਨੂੰ ਜਾਰੀ ਕੀਤੇ ਗਏ 48 ਆਈ. ਏ. ਐੱਸ. ਅਤੇ ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮਾਂ ‘ਚ ਜਲੰਧਰ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਸਾਹਮਣੇ ਆਇਆ ਹੈ। ਇਨ੍ਹਾਂ ਹੁਕਮਾਂ ‘ਚ 2012 ਬੈਚ ਦੇ ਪੀ. ਸੀ. ਐੱਸ. ਅਧਿਕਾਰੀ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਮੇਜਰ ਅਮਿਤ ਮਹਾਜਨ ਨੂੰ ਮਿਲੇ ਵਿਭਾਗਾਂ ‘ਚ ਫੇਰਬਦਲ ਕਰਦਿਆਂ ਉਨ੍ਹਾਂ ਨੂੰ ਸੈਕਟਰੀ ਰਿਜਨਲ ਟਰਾਂਸਪੋਰਟ ਅਥਾਰਟੀ ਲਾਇਆ ਗਿਆ ਹੈ, ਜਦੋਂ ਕਿ ਪਹਿਲਾਂ ਦੇ ਉਲਟ ਹੁਣ ਉਨ੍ਹਾਂ ਕੋਲ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਦਾ ਚਾਰਜ ਐਡੀਸ਼ਨਲ ਤੌਰ ’ਤੇ ਹੋਵੇਗਾ।

ਦੂਜੇ ਪਾਸੇ 2012 ਬੈਚ ਦੇ ਹੋਰ ਪੀ. ਸੀ. ਐੱਸ. ਅਧਿਕਾਰੀ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨਤਾਰਨ ਅਤੇ ਐੈਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਵਰਿੰਦਰਪਾਲ ਸਿੰਘ ਬਾਜਵਾ ਦੀ ਥਾਂ ਸਰਕਾਰ ਨੇ ਕੋਈ ਅਧਿਕਾਰੀ ਤਾਇਨਾਤ ਨਹੀਂ ਕੀਤਾ ਹੈ।

ਇਸ ਤੋਂ ਇਲਾਵਾ 2016 ਬੈਚ ਦੇ ਪੀ. ਸੀ. ਐੱਸ ਅਧਿਕਾਰੀ ਡਾ. ਜੈਇੰਦਰ ਸਿੰਘ, ਜੋ ਕਿ ਜਲੰਧਰ ਦੇ ਐੱਸ. ਡੀ. ਐੱਮ.-1 ਦੇ ਅਹੁਦੇ ’ਤੇ ਕਈ ਵਾਰ ਕੰਮ ਕਰ ਚੁੱਕੇ ਹਨ, ਨੂੰ ਇਕ ਵਾਰ ਫਿਰ ਐੱਸ. ਡੀ. ਐੱਮ.-1 ਦਾ ਚਾਰਜ ਦਿੱਤਾ ਗਿਆ ਹੈ, ਜਦਕਿ 2016 ਬੈਚ ਦੇ ਅਧਿਕਾਰੀ ਗੁਰਸਿਮਰਨਜੀਤ ਸਿੰਘ ਢਿੱਲੋਂ ਨੂੰ ਐੱਸ. ਡੀ. ਐੱਮ.-1 ਤੋਂ ਬਦਲ ਕੇ ਐੱਸ. ਡੀ. ਐੱਮ. ਨਕੋਦਰ ਲਾਇਆ ਗਿਆ ਹੈ। 2014 ਬੈਚ ਦੀ ਪੀ. ਸੀ. ਐੱਸ. ਅਧਿਕਾਰੀ ਅਤੇ ਜੁਆਇੰਟ ਕਮਿਸ਼ਨਰ ਡਵੀਜ਼ਨਲ ਕਮਿਸ਼ਨਰ ਦਫ਼ਤਰ ਨਵਨੀਤ ਕੌਰ ਬੱਲ ਦਾ ਤਬਾਦਲਾ ਕਰ ਕੇ ਜੁਆਇੰਟ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਦਾ ਚਾਰਜ ਦਿੱਤਾ ਗਿਆ ਹੈ।

ਜਲੰਧਰ ਜ਼ਿਲ੍ਹੇ ‘ਚ ਹੀ ਤਾਇਨਾਤ 2022 ਬੈਚ ਦੀ ਪੀ. ਸੀ. ਐੱਸ. ਅਧਿਕਾਰੀ ਅਤੇ ਮੁੱਖ ਮੰਤਰੀ ਫੀਲਡ ਅਫ਼ਸਰ-ਕਮ-ਐਡੀਸ਼ਨਲ ਅਸਿਸਟੈਂਟ ਕਮਿਸ਼ਨਰ (ਜਨਰਲ) ਗੁਰਸਿਮਰਨਜੀਤ ਕੌਰ ਦਾ ਤਬਾਦਲਾ ਐਡੀਸ਼ਨਲ ਅਸਿਸਟੈਂਟ ਕਮਿਸ਼ਨਰ ਅੰਮ੍ਰਿਤਸਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 2022 ਬੈਚ ਦੀ ਇਕ ਹੋਰ ਪੀ. ਸੀ. ਐੱਸ. ਅਧਿਕਾਰੀ ਤੇ ਐਡੀਸ਼ਨਲ ਅਸਿਸਟੈਂਟ ਕਮਿਸ਼ਨਰ ਇਰਵਿਨ ਕੌਰ ਦਾ ਤਬਾਦਲਾ ਅਸਿਸਟੈਂਟ ਕਮਿਸ਼ਨਰ (ਜਨਰਲ) ਗੁਰਦਾਸਪੁਰ ਕਰ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਵਰਿੰਦਰਪਾਲ ਸਿੰਘ ਬਾਜਵਾ ਤੋਂ ਇਲਾਵਾ ਪੰਜਾਬ ਸਰਕਾਰ ਨੇ ਨਵਨੀਤ ਕੌਰ ਬੱਲ, ਗੁਰਸਿਮਰਨਜੀਤ ਕੌਰ ਅਤੇ ਇਰਵਿਨ ਕੌਰ ਦੀ ਥਾਂ ਕਿਸੇ ਹੋਰ ਅਧਿਕਾਰੀ ਦਾ ਤਬਾਦਲਾ ਨਹੀਂ ਕੀਤਾ ਹੈ, ਜਿਸ ਕਾਰਨ ਅਗਲੇ ਹੁਕਮਾਂ ਤੱਕ ਇਹ ਪੋਸਟ ਖਾਲੀ ਰਹੇਗੀ।

Add a Comment

Your email address will not be published. Required fields are marked *