ਭਾਰਤ ਭੂਸ਼ਣ ਆਸ਼ੂ ਦਾ PA ਨਿਕਲਿਆ ਕਰੋੜਪਤੀ, ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਦੇ ਕਰੀਬੀਆਂ ਦੀ ਸੂਚੀ ਤਿਆਰ

ਲੁਧਿਆਣਾ : ਅਨਾਜ ਮੰਡੀ ਟ੍ਰਾਂਸਪੋਰਟੇਸ਼ਨ ਟੈਂਡਰ ਘਪਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਉਨ੍ਹਾਂ ਦੇ ਨਜ਼ਦੀਕੀਆਂ ਦੀਆਂ ਮੁਸ਼ਕਲਾਂ ਵੱਧਣ ਵਾਲੀਆਂ ਹਨ ਕਿਉਂਕਿ ਵਿਜੀਲੈਂਸ ਨੇ ਇਕ ਲਿਸਟ ਤਿਆਰ ਕੀਤੀ ਹੈ, ਜਿਸ ’ਚ ਆਸ਼ੂ ਦੇ ਨਾਲ ਰਹਿ ਕੇ ਕੰਮ ਕਰਨ ਵਾਲੇ ਅਤੇ ਪੈਸਾ ਇਨਵੈਸਟ ਕਰਨ ਵਾਲੇ ਲੋਕਾਂ ਦਾ ਖ਼ਾਕਾ ਤਿਆਰ ਕੀਤਾ ਜਾ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਜਲਦ ਬੁਲਾ ਕੇ ਪੁੱਛ-ਗਿੱਛ ਕੀਤੀ ਜਾ ਸਕਦੀ ਹੈ। ਸੂਤਰਾਂ ਮੁਤਾਬਕ ਜਾਂਚ ’ਚ ਵਿਜੀਲੈਂਸ ਨੂੰ ਪਤਾ ਲੱਗਾ ਕਿ ਆਸ਼ੂ ਲੁਧਿਆਣਾ ਮਹਾਨਗਰ ਦੇ ਇਕ ਵੱਡੇ ਫਾਈਨਾਂਸਰ ਰਾਹੀਂ ਹੀ ਫਾਈਨਾਂਸ ਕਰਦੇ ਸੀ, ਜੋ ਹੁਣ ਉਹ ਵਿਜੀਲੈਂਸ ਦੇ ਰਾਡਾਰ ’ਤੇ ਹੈ। ਇਸ ਤੋਂ ਇਲਾਵਾ ਸਭ ਤੋਂ ਨਜ਼ਦੀਕੀ ਕਹੇ ਜਾਣ ਵਾਲੇ ਪੀ. ਏ. ਮੀਨੂ ਮਲਹੋਤਰਾ ਨੂੰ ਪਹਿਲਾਂ ਹੀ ਨਾਮਜ਼ਦ ਕਰ ਲਿਆ ਗਿਆ ਸੀ। ਹੁਣ ਉਸ ਦੀ ਜਾਇਦਾਦ ਅਤੇ ਬੈਂਕ ਅਕਾਊਂਟਸ ਦੀ ਜਾਂਚ ਚੱਲ ਰਹੀ ਹੈ। ਪੁਲਸ ਮੀਨੂ ਦੀ ਭਾਲ ’ਚ ਲੱਗੀ ਹੋਈ ਹੈ। ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਰੋੜਾਂ ਰੁਪਏ ਕਈ ਥਾਈਂ ਇਨਵੈਸਟ ਕੀਤੇ ਹਨ, ਜਿਸ ਨਾਲ ਕਰੋੜਾਂ ਰੁਪਏ ਦੀਆਂ ਕਮਰਸ਼ੀਅਲ ਇਮਾਰਤਾਂ ਨਾਲ ਕਰੋੜਾਂ ਰੁਪਏ ਦੀ ਰਿਹਾਇਸ਼ੀ ਪ੍ਰਾਪਰਟੀ ਵੀ ਬਣਾਈ ਹੈ, ਜਿਸ ਦੀ ਜਾਣਕਾਰੀ ਵਿਜੀਲੈਂਸ ਨੂੰ ਮਿਲ ਚੁੱਕੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਆਸ਼ੂ ਨੇ ਇਨਵੈਸਟਰਾਂ ਜ਼ਰੀਏ ਹੀ ਕਰੋੜਾਂ ਰੁਪਏ ਬਜ਼ਾਰ ’ਚ ਲਗਾਏ ਗਏ ਹਨ। ਮਹਾਂਨਗਰ ਦਾ ਇਕ ਇਨਵੈਸਟਰ ਅਜਿਹਾ ਹੈ, ਜਿਸ ਨੇ ਕਰੋੜਾਂ ਰੁਪਏ ਇਨਵੈਸਟ ਕੀਤੇ ਹਨ। ਇਸ ਤੋਂ ਇਲਾਵਾ ਵੀ ਸਾਬਕਾ ਮੰਤਰੀ ਨੇ ਕਈ ਲੋਕਾਂ ਜ਼ਰੀਏ ਬਜ਼ਾਰ ’ਚ ਪੈਸਾ ਇਨਵੈਸਟ ਕੀਤਾ ਹੈ, ਜਿਸ ਦਾ ਵਿਜੀਲੈਂਸ ਨੂੰ ਪਤਾ ਲੱਗ ਗਿਆ ਹੈ। ਮੁਲਜ਼ਮ ਤੇਲੂ ਰਾਮ ਨੇ ਵੀ ਸਾਬਕਾ ਮੰਤਰੀ ਦੇ ਕਈ ਕਰੀਬੀਆਂ ਦਾ ਨਾਂ ਲਿਆ ਹੈ, ਜਿਸ ਤੋਂ ਬਾਅਦ ਕਈ ਕਾਂਗਰਸੀਆਂ ਦੀ ਨੀਂਦ ਉੱਡੀ ਹੋਈ ਹੈ। ਕਈ ਕਾਂਗਰਸੀ ਕਾਫੀ ਪਰੇਸ਼ਾਨ ਹਨ ਪਰ ਉੱਪਰੋਂ ਕੋਈ ਵੀ ਕੁੱਝ ਜਤਾ ਨਹੀਂ ਰਿਹਾ ਹੈ।
ਆਸ਼ੂ ਅਤੇ ਤੇਲੂ ਰਾਮ ਤੋਂ ਹੋਈ ਪੁੱਛਗਿੱਛ, ਆਸ਼ੂ ਨਹੀਂ ਦੇ ਰਹੇ ਸਹਿਯੋਗ
ਰਿਮਾਂਡ ਹਾਸਲ ਕਰਨ ਤੋਂ ਬਾਅਦ ਵਿਜੀਲੈਂਸ ਦੀਆਂ ਟੀਮਾਂ ਲਗਾਤਾਰ ਭਾਰਤ ਭੂਸ਼ਣ ਆਸ਼ੂ ਤੋਂ ਪੁੱਛਗਿੱਛ ਕਰਨ ’ਚ ਲੱਗੀਆਂ ਹੋਈਆਂ ਹਨ ਪਰ ਪਤਾ ਲੱਗਾ ਹੈ ਕਿ ਪੁੱਛਗਿੱਛ ’ਚ ਉਹ ਪੂਰੀ ਤਰ੍ਹਾਂ ਵਿਜੀਲੈਂਸ ਨੂੰ ਸਹਿਯੋਗ ਨਹੀਂ ਦੇ ਰਹੇ। ਆਸ਼ੂ ਨੂੰ ਕਈ ਸਵਾਲ ਕੀਤੇ ਗਏ। ਕੁੱਝ ਸਵਾਲਾਂ ਦਾ ਜਵਾਬ ਤਾਂ ਉਨ੍ਹਾਂ ਨੇ ਦੇ ਦਿੱਤਾ ਪਰ ਕੁੱਝ ਸਵਾਲਾਂ ਦੇ ਜਵਾਬ ਉਨ੍ਹਾਂ ਨੇ ਗੋਲ-ਮੋਲ ਕਰ ਦਿੱਤੇ। ਇਸ ਦੇ ਨਾਲ ਹੀ ਤੇਲੂ ਰਾਮ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਵੀ ਪੁੱਛਗਿੱਛ ਕੀਤੀ ਗਈ ਸੀ, ਜਿਸ ’ਚ ਉਸ ਨੇ ਆਸ਼ੂ ਦੇ ਕਾਫੀ ਨਜ਼ੀਦੀਕੀਆਂ ਬਾਰੇ ਵੀ ਦੱਸਿਆ ਹੈ। ਹਾਲ ਦੀ ਘੜੀ ਪੁੱਛਗਿੱਛ ਕੀਤੀ ਜਾ ਰਹੀ ਸੀ।
ਸਰਕਾਰੀ ਡਿਪੂ ਤੇ ਕਰਿਆਨਾ ਸ਼ਾਪ ਚਲਾਉਣ ਵਾਲੇ ਮੀਨੂ ਮਲਹੋਤਰਾ ਕੋਲ ਕਰੋੜਾਂ ਦੀ ਜਾਇਦਾਦ
ਵਿਜੀਲੈਂਸ ਨੂੰ ਜਾਂਚ ’ਚ ਪਤਾ ਲੱਗਾ ਹੈ ਕਿ ਸਰਕਾਰੀ ਡਿਪੂ ਅਤੇ ਘਰ ਦੇ ਬਾਹਰ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਮੀਨੂ ਪੰਕਜ ਮਲਹੋਤਰਾ, ਸਾਬਕਾ ਮੰਤਰੀ ਆਸ਼ੂ ਦੇ ਨਾਲ ਜੁੜਨ ਤੋਂ ਬਾਅਦ ਕੁੱਝ ਸਮੇਂ ’ਚ ਹੀ ਕਰੋੜਾਂ ਰੁਪਏ ਦੀ ਜਾਇਦਾਦ ਦਾ ਮਾਲਕ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਮੀਨੂ ਦੀਆਂ 6 ਪ੍ਰਾਪਰਟੀਆਂ ਦੀ ਲਿਸਟ ਵਿਜੀਲੈਂਸ ਕੋਲ ਪੁੱਜੀ ਹੈ, ਜੋ ਪ੍ਰਾਈਮ ਲੋਕੇਸ਼ਨਾਂ ’ਤੇ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਵੀ ਉਸ ਦੇ ਕੋਲ ਪਾਸ਼ ਇਲਾਕਿਆਂ ’ਚ ਅਹਿਮ ਜਾਇਦਾਦਾਂ ਹਨ।
ਨਗਰ ਨਿਗਮ ਤੋਂ ਮੰਗਵਾਇਆ ਗਿਆ ਪ੍ਰਾਪਰਟੀਆਂ ਦਾ ਰਿਕਾਰਡ
ਮੀਨੂ ਮਲਹੋਤਰਾ ਦੀਆਂ ਸ਼ਹਿਰ ’ਚ ਕਈ ਜਾਇਦਾਦਾਂ ਦੀ ਡਿਟੇਲ ਮਿਲਣ ਤੋਂ ਬਾਅਦ ਵਿਜੀਲੈਂਸ ਦੀਆਂ ਟੀਮਾਂ ਨੇ ਨਗਰ ਨਿਗਮ ਦੇ ਚਾਰੇ ਜ਼ੋਨਾਂ ਤੋਂ ਡਾਟਾ ਮੰਗਿਆ ਹੈ। ਉਸ ਤੋਂ ਇਲਾਵਾ ਬੈਂਕ ਅਕਾਊਂਟ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਦੋਂ-ਕਦੋਂ ਕਿੰਨੀ-ਕਿੰਨੀ ਟ੍ਰਾਂਜ਼ੈਕਸ਼ਨ ਹੋਈ ਹੈ। ਉਸ ਦੇ ਮੋਬਾਇਲ ਦੀ ਡਿਟੇਲ ਵੀ ਕਢਵਾਈ ਗਈ ਹੈ, ਜਿਨ੍ਹਾਂ ਲੋਕਾਂ ਨਾਲ ਮੀਨੂ ਦੀ ਸਭ ਤੋਂ ਵੱਧ ਗੱਲਬਾਤ ਹੁੰਦੀ ਸੀ, ਉਨ੍ਹਾਂ ਤੋਂ ਵੀ ਪੁੱਛ-ਗਿੱਛ ਹੋ ਸਕਦੀ ਹੈ।
ਕੀ ਕਹਿੰਦੇ ਹਨ ਐੱਸ. ਐੱਸ. ਪੀ. ਵਿਜੀਲੈਂਸ
ਐੱਸ. ਐੱਸ. ਪੀ. ਵਿਜੀਲੈਂਸ ਦਾ ਕਹਿਣਾ ਹੈ ਕਿ ਪਤਾ ਲੱਗਾ ਹੈ ਕਿ ਸਾਬਕਾ ਮੰਤਰੀ ਨੇ ਸਿੱਧੇ ਤੌਰ ’ਤੇ ਨਹੀਂ, ਸਗੋਂ ਕਿਸੇ ਇਨਵੈਸਟਰ ਜ਼ਰੀਏ ਪੈਸਾ ਇਨਵੈਸਟ ਕੀਤਾ ਹੈ, ਜਿਨ੍ਹਾਂ ਲੋਕਾਂ ਸਬੰਧੀ ਪਤਾ ਲੱਗਾ ਹੈ ਉਨ੍ਹਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੀਨੂ ਮਲਹੋਤਰਾ ਦੀ ਕਰੋੜਾਂ ਰੁਪਏ ਦੀ ਜਾਇਦਾਦ ਦਾ ਰਿਕਾਰਡ ਨਗਰ ਨਿਗਮ ਤੋਂ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਸ਼ੱਕ ਹੈ ਕਿ ਉਸ ਦੀਆਂ ਕਈ ਹੋਰ ਬੇਨਾਮੀ ਜਾਇਦਾਦਾਂ ਸ਼ਹਿਰ ’ਚ ਹਨ, ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *