ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਟਰੰਪ ਬਣੇ ਲੋਕਾਂ ਦੀ ਪਸੰਦ

ਵਾਸ਼ਿੰਗਟਨ- ਸਾਲ 2024 ਵਿਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਡੋਨਾਲਡ ਟਰੰਪ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਪਿੱਛੇ ਛੱਡ ਦਿੱਤਾ ਹੈ। ਅਸਲ ‘ਚ ਰਾਸ਼ਟਰੀ ਸਰਵੇਖਣ ‘ਚ ਡੋਨਾਲਡ ਟਰੰਪ 47 ਫੀਸਦੀ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਸਾਹਮਣੇ ਆਏ ਹਨ। ਜਦੋਂ ਕਿ 43 ਫੀਸਦੀ ਲੋਕਾਂ ਨੇ ਜੋਅ ਬਾਈਡੇਨ ਨੂੰ ਆਪਣੀ ਪਸੰਦ ਦੱਸਿਆ। ਇਸ ਤਰ੍ਹਾਂ ਟਰੰਪ ਨੇ ਬਾਈਡੇਨ ‘ਤੇ ਚਾਰ ਫੀਸਦੀ ਦੀ ਲੀਡ ਲੈ ਲਈ ਹੈ। ਸਰਵੇਖਣ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਟਰੰਪ ਨੇ ਬਿਡੇਨ ‘ਤੇ ਬੜਤ ਹਾਸਲ ਕਰ ਲਈ ਹੈ।

ਦਰਅਸਲ ਵਾਲ ਸਟਰੀਟ ਜਰਨਲ ਨੇ ਇਹ ਸਰਵੇ ਕੀਤਾ ਹੈ। ਸਰਵੇਖਣ ਵਿੱਚ ਧਿਆਨ ਦੇਣ ਯੋਗ ਇੱਕ ਹੋਰ ਗੱਲ ਇਹ ਹੈ ਕਿ ਬਾਈਡੇਨ ਦੀ ਪ੍ਰਵਾਨਗੀ ਰੇਟਿੰਗ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਅਜਿਹਾ ਜਾਪਦਾ ਹੈ ਕਿ ਅਗਲੇ ਕਾਰਜਕਾਲ ਲਈ ਉਮੀਦਵਾਰ ਬਣਨ ਦੀਆਂ ਬਾਈਡੇਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗ ਸਕਦਾ ਹੈ। ਇੱਥੋਂ ਤੱਕ ਕਿ ਡੈਮੋਕਰੇਟਿਕ ਪਾਰਟੀ ਵਿੱਚ ਬਾਈਡੇਨ ਨੂੰ ਦੂਜਾ ਕਾਰਜਕਾਲ ਦੇਣ ਨੂੰ ਲੈ ਕੇ ਮਤਭੇਦ ਉੱਭਰ ਰਹੇ ਹਨ। ਹਾਲਾਂਕਿ ਬਾਈਡੇਨ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਚੋਣਾਂ ‘ਚ ਵੀ ਆਪਣੀ ਉਮੀਦਵਾਰੀ ਪੇਸ਼ ਕਰਨਗੇ। ਸਭ ਤੋਂ ਵੱਡੀ ਚਿੰਤਾ ਬਾਈਡੇਨ ਦੀ ਉਮਰ ਨੂੰ ਲੈ ਕੇ ਸਾਹਮਣੇ ਆਈ ਹੈ ਕਿਉਂਕਿ ਜਦੋਂ ਅਗਲੇ ਸਾਲ ਚੋਣਾਂ ਹੋਣਗੀਆਂ ਤਾਂ ਬਾਈਡੇਨ ਦੀ ਉਮਰ 81 ਸਾਲ ਹੋਵੇਗੀ ਅਤੇ ਅਗਲੇ ਕਾਰਜਕਾਲ ਦੇ ਅੰਤ ‘ਤੇ ਉਹ 86 ਸਾਲ ਦੇ ਹੋ ਜਾਣਗੇ। ਇਸ ਤੋਂ ਇਲਾਵਾ ਬਾਈਡੇਨ ਦੇ ਬੇਟੇ ਹੰਟਰ ਬਾਡੇਨ ‘ਤੇ ਟੈਕਸ ਮਾਮਲਿਆਂ ‘ਚ ਵੀ ਦੋਸ਼ ਲੱਗੇ ਹਨ, ਇਸ ਨਾਲ ਵੀ ਜੋ ਬਾਈਡੇਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।

ਡੋਨਾਲਡ ਟਰੰਪ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਲੋਕਪ੍ਰਿਅਤਾ ਵਧ ਰਹੀ ਹੈ। ਡੋਨਾਲਡ ਟਰੰਪ ਆਪਣੀ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਤੋਂ ਕਾਫੀ ਅੱਗੇ ਹਨ। ਸ਼ਾਇਦ ਬਾਈਡੇਨ ਵੀ ਇਸ ਗੱਲ ਨੂੰ ਮਹਿਸੂਸ ਕਰ ਰਹੇ ਹਨ, ਇਸੇ ਲਈ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਵਿੱਚ ਇੱਕ ਫੰਡ ਰੇਜ਼ਿੰਗ ਸਮਾਗਮ ਵਿੱਚ ਬਾਈਡੇਨ ਨੇ ਟਰੰਪ ‘ਤੇ ਸਿੱਧਾ ਹਮਲਾ ਕੀਤਾ ਅਤੇ ਟਰੰਪ ਸਮਰਥਕਾਂ ਵੱਲੋਂ ਯੂ.ਐੱਸ ਕੈਪੀਟਲ ‘ਤੇ ਹਮਲੇ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਟਰੰਪ ਦੇ ਉਸ ਬਿਆਨ ਦੀ ਵੀ ਆਲੋਚਨਾ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਸਿਰਫ਼ ਇੱਕ ਦਿਨ ਲਈ ਤਾਨਾਸ਼ਾਹ ਬਣ ਜਾਣਗੇ।

Add a Comment

Your email address will not be published. Required fields are marked *