ਇਟਲੀ ‘ਚ ਕੁਦਰਤ ਦਾ ਕਹਿਰ; ਤੇਜ਼ ਮੀਂਹ ਨੇ ਲਈ 10 ਲੋਕਾਂ ਦੀ ਜਾਨ

ਰੋਮ : ਇਟਲੀ ‘ਚ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਖਰਾਬ ਮੌਸਮ ਏਮੀਲੀਆ ਰੋਮਾਨਾ ਸੂਬੇ ਦੇ ਲੋਕਾਂ ਲਈ ਜਾਨ ਦਾ ਖੌਅ ਬਣ ਰਿਹਾ ਹੈ, ਜਿਸ ਕਾਰਨ ਸੂਬੇ ਦੇ ਬਾਸ਼ਿੰਦਿਆਂ ਲਈ ਬੜੀ ਪ੍ਰੇਸ਼ਾਨੀ ਬਣੀ ਹੋਈ ਹੈ। ਬੇਸ਼ੱਕ ਇਟਲੀ ਸਰਕਾਰ ਪ੍ਰਭਾਵਿਤ ਲੋਕਾਂ ਲਈ ਤੁਰੰਤ ਰਾਹਤ ਕਾਰਜ ਮੁਹੱਈਆ ਕਰਨ ਵਿੱਚ ਜੁੱਟ ਗਈ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਹੱਥਾਂ-ਪੈਰਾਂ ਦੀ ਬਣੀ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਇਟਲੀ ਵਿੱਚ ਖਰਾਬ ਮੌਸਮ ਜਿਸ ਵਿੱਚ ਤੇਜ਼ ਮੀਂਹ ਲਗਾਤਾਰ ਪੈਣ ਕਾਰਨ ਇਟਲੀ ਦੇ ਸੂਬੇ ਏਮੀਲੀਆ ਰੋਮਾਨਾ ਦਾ ਕਾਫ਼ੀ ਏਰੀਆ ਪ੍ਰਭਾਵਿਤ ਹੋਇਆ ਹੈ। ਮੀਂਹ ਦੇ ਪਾਣੀ ਨੇ ਹੜ੍ਹ ਦਾ ਰੂਪ ਧਾਰਨ ਕਰ ਲਿਆ ਹੈ ਤੇ ਹੁਣ ਤੱਕ ਇਸ ਹੜ੍ਹ ਨੇ 10 ਲੋਕਾਂ ਦੀ ਜਾਨ ਲੈ ਲਈ ਹੈ, ਜਦੋਂ ਕਿ ਕਈ ਲੋਕਾਂ ਨੂੰ ਤੇਜ਼ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ ਹੈ, ਜਿਹੜੇ ਹੁਣ ਤੱਕ ਲਾਪਤਾ ਦੱਸੇ ਜਾ ਰਹੇ ਹਨ। ਤੇਜ਼ ਮੀਂਹ ਦਾ ਪਾਣੀ ਜਿਹੜਾ ਕਿ 300 ਮਿਲੀਮੀਟਰ ਦੇ ਹਿਸਾਬ ਨਾਲ (12 ਇੰਚ) ਦੱਸਿਆ ਜਾ ਰਿਹਾ ਹੈ, ਨੇ ਕੁਝ ਪਲਾਂ ਵਿੱਚ ਸੂਬੇ ਦੇ ਕਈ ਇਲਾਕਿਆਂ ਨੂੰ ਨੱਕੋ-ਨੱਕ ਪਾਣੀ ਨਾਲ ਭਰ ਦਿੱਤਾ, ਜਿਸ ਕਾਰਨ ਪਿੰਡਾਂ-ਸ਼ਹਿਰਾਂ ਦੀਆਂ ਗਲੀਆਂ ਵਿੱਚ ਪਾਣੀ ਭਰ ਗਿਆ ਹੈ। ਸਥਾਨਕ ਲੋਕ ਪਾਣੀ ਕਾਰਨ ਘਰਾਂ ਵਿੱਚ ਬੰਦ ਹਨ ਤੇ ਕਿਸੇ ਪਾਸੇ ਵੀ ਆ-ਜਾ ਨਹੀਂ ਸਕਦੇ।

ਤੇਜ਼ ਮੀਂਹ ਦੇ ਪਾਣੀ ਨੇ ਸੂਬੇ ਦੀਆਂ 23 ਨਦੀਆਂ ਦੇ ਕਿਨਾਰਿਆਂ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕੀਤਾ ਤੇ ਇਨ੍ਹਾਂ ਨਦੀਆਂ ਦਾ ਪਾਣੀ ਰਿਹਾਇਸ਼ੀ ਇਲਾਕਿਆਂ ਵਿੱਚ ਚਲਾ ਗਿਆ ਹੈ, ਜਦੋਂ ਕਿ 20 ਹੋਰ ਨਦੀਆਂ ਦਾ ਪਾਣੀ ਖਤਰੇ ਤੋਂ ਉੱਪਰ ਹੈ। ਫੋਰਲੀ ਚੇਸੇਨਾ ਤੇ ਰੇਵੇਨਾ ਇਲਾਕਾ ਇਸ ਹੜ੍ਹ ਨਾਲ ਵੱਧ ਪ੍ਰਭਾਵਿਤ ਦੱਸਿਆ ਜਾ ਰਿਹਾ ਹੈ, ਜਿੱਥੋਂ ਕਿ ਹੁਣ ਤੱਕ 10000 ਪ੍ਰਭਾਵਿਤ ਲੋਕਾਂ ਨੂੰ ਰਾਹਤ ਕਰਮਚਾਰੀਆਂ ਨੇ ਸੁਰੱਖਿਅਤ ਕੀਤਾ ਹੈ। 50 ਹਜ਼ਾਰਾਂ ਘਰਾਂ ਦੀ ਬਿਜਲੀ ਬੰਦ ਹੈ ਤੇ ਹਜ਼ਾਰਾਂ ਲੋਕਾਂ ਦੇ ਮੋਬਾਇਲ ਬੰਦ ਹੋਣ ਕਾਰਨ ਲੋਕ ਵੱਡੀ ਮੁਸੀਬਤ ਦਾ ਸਾਹਮਣਾ ਕਰਨ ਲਈ ਬੇਵੱਸ ਤੇ ਲਾਚਾਰ ਹਨ। 24 ਸ਼ਹਿਰ ਵੱਡੇ ਪੱਧਰ ‘ਤੇ ਪ੍ਰਭਾਵਿਤ ਹਨ, ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਦੇਖਦੇ ਹੀ ਦੇਖਦੇ ਮਿੰਟਾਂ ਵਿੱਚ ਕਈ-ਕਈ ਫੁੱਟ ਭਰ ਗਿਆ, ਉਹ ਲੋਕ ਮੌਜੂਦਾ ਹਾਲਾਤ ਤੋਂ ਕਾਫ਼ੀ ਸਹਿਮੇ ਦੇਖੇ ਜਾ ਰਹੇ ਹਨ। ਮੌਸਮ ਵਿਭਾਗ ਨੇ ਲੋਕਾਂ ਨੂੰ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ ਤਾਂ ਜੋ ਕਿਸੇ ਦਾ ਤੇਜ਼ ਪਾਣੀ ਦੇ ਵਹਾਅ ਕਾਰਨ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋ ਜਾਵੇ।

Add a Comment

Your email address will not be published. Required fields are marked *