ਅਦਾਕਾਰਾ ਨੀਲੂ ਕੋਹਲੀ ਦਾ ’84 ਸਿੱਖ ਕਤਲੇਆਮ ‘ਚ ਤਬਾਹ ਹੋਇਆ ਪੂਰਾ ਪਰਿਵਾਰ, ਦਰਦਨਾਕ ਮੰਜ਼ਰ ਕੀਤਾ ਬਿਆਨ

ਚੰਡੀਗੜ੍ਹ : ਟੀ. ਵੀ. ਅਤੇ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਲੂ ਕੋਹਲੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਦੀ ਫ਼ਿਲਮ ‘ਜੋਗੀ’ ਅੱਜ ਯਾਨੀਕਿ 16 ਸਤੰਬਰ ਨੂੰ ਨੈੱਟਫ਼ਲਿਕਸ ‘ਤੇ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ‘ਚ ਨੀਲੂ ਕੋਹਲੀ ‘ਜੋਗੀ’ ਯਾਨੀਕਿ ਦਿਲਜੀਤ ਦੋਸਾਂਝ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫ਼ਿਲਮ 1984 ਦੇ ਸਿੱਖ ਵਿਰੋਧੀ ਦੰਗਿਆਂ ‘ਤੇ ਆਧਾਰਿਤ ਹੈ। ਇਸ ਦੌਰਾਨ ਨੀਲੂ ਨੇ ਸਾਲ 84 ਦਾ ਇੱਕ ਦਰਦਨਾਕ ਮੰਜ਼ਰ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਦੰਗਿਆਂ ‘ਚ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ। ਉਨ੍ਹਾਂ ਨੇ ਕਿਹਾ, ”ਮੇਰੇ ਲਈ 1984 ਬਹੁਤ ਹੀ ਦਰਦ ਭਰਿਆ ਸਾਲ ਰਿਹਾ ਹੈ ਕਿਉਂਕਿ ਮੈਂ ਤੇ ਮੇਰੇ ਪਰਿਵਾਰ ਨੇ ਸਿੱਖ ਕਤਲੇਆਮ ‘ਚ ਆਪਣਾ ਸਭ ਕੁੱਝ ਗਵਾਇਆ ਹੈ। ਮੈਂ ਉਸ ਸਮੇਂ ਚੰਡੀਗੜ੍ਹ ‘ਚ ਸੀ ਪਰ ਮੇਰੇ ਮਾਤਾ-ਪਿਤਾ ਰਾਂਚੀ ‘ਚ ਦੰਗਾ ਪੀੜਤ ਸਨ ਅਤੇ ਮੇਰੇ ਪਿਤਾ ਦੰਗਿਆਂ ‘ਚ ਸਭ ਕੁਝ ਗੁਆ ਬੈਠੇ ਸਨ। ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਕੋਲ ਕੁਝ ਪੈਸਾ ਸੀ, ਜਿਸ ਨਾਲ ਉਨ੍ਹਾਂ ਨੇ ਆਪਣੇ ਭਰਾ ਨਾਲ ਮਿਲ ਕੇ ਕਾਰੋਬਾਰ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਉੱਠ ਖੜੇ ਹੋਏ। 

ਦੱਸ ਦਈਏ ਕਿ ਨੀਲੂ ਨੇ ਫ਼ਿਲਮ ਦਾ ਇਕ ਸੀਨ ਵੀ ਸ਼ੇਅਰ ਕੀਤਾ ਹੈ, ਜੋ ਉਸ ਦੀ ਅਸਲ ਜ਼ਿੰਦਗੀ ਨਾਲ ਕੁਝ ਸਮਾਨਤਾ ਰੱਖਦਾ ਹੈ। ਉਨ੍ਹਾਂ ਨੇ ਦੱਸਿਆ ਕਿ ਭੂਮਿਕਾ ਲਈ ਉਨ੍ਹਾਂ ਨੂੰ ਖ਼ੁਦ ਨੂੰ ਜ਼ਿਆਦਾ ਤਿਆਰੀ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਉਹ ਸਥਿਤੀ ਅਤੇ ਕਿਰਦਾਰ ਨਾਲ ਬਹੁਤ ਚੰਗੀ ਤਰ੍ਹਾਂ ਵਾਕਫ਼ ਹੈ। ਆਪਣੀਆਂ ਬਲਾਕਬਸਟਰ ਫ਼ਿਲਮਾਂ ‘ਗੁੰਡੇ’, ‘ਸੁਲਤਾਨ’, ‘ਭਾਰਤ’ ਲਈ ਜਾਣੇ ਜਾਂਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਬਾਰੇ ਗੱਲ ਕਰਦੇ ਹੋਏ ਨੀਲੂ ਕਹਿੰਦੀ ਹੈ, ”ਅਲੀ ਸਰ ਆਪਣੀਆਂ ਕਮਰਸ਼ੀਅਲ ਫ਼ਿਲਮਾਂ ਲਈ ਜਾਣੇ ਜਾਂਦੇ ਹਨ, ਮੇਰੇ ਹਿਸਾਬ ਨਾਲ ਉਹ ਬਿਹਤਰੀਨ ਡਾਇਰੈਕਟਰ ਹਨ। ਭਾਵੇਂ ਕਮਰਸ਼ੀਅਲ ਫ਼ਿਲਮਾਂ ਹੋਣ ਜਾਂ ਅਸਲੀਅਤ ਨਾਲ ਜੁੜੀਆਂ ਫ਼ਿਲਮਾਂ। ਅਲੀ ਜ਼ਫ਼ਰ ਬੈਸਟ ਡਾਇਰੈਕਟਰ ਹਨ।”

ਦੱਸ ਦੇਈਏ ਕਿ ਨੀਲੂ ਕੋਹਲੀ ‘ਛੋਟੀ ਸਰਦਾਰਨੀ’, ‘ਮੈਡਮ ਸਰ’, ‘ਯੇ ਝੁਕੀ ਝੁਕੀ ਸੀ ਨਜ਼ਰ’ ਵਰਗੇ ਟੀ. ਵੀ. ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ ਅਤੇ ‘ਮਨਮਰਜ਼ੀਆਂ’, ‘ਰਨ’, ‘ਦਿਲ ਕੀ ਕਰੇ’ ਵਰਗੀਆਂ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ। ਉਹ ‘ਜੋਗੀ’ ਫ਼ਿਲਮ ਨਾਲ ਓਟੀਟੀ ‘ਤੇ ਡੈਬਿਊ ਕਰਨ ਜਾ ਰਹੀ ਹੈ।

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਫ਼ਿਲਮ ‘ਜੋਗੀ’ 1984 ਦੇ ਸਿੱਖ ਵਿਰੋਧੀ ਦੰਗਿਆਂ ‘ਤੇ ਆਧਾਰਿਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਕਤਲੇਆਮ ਕਿਹਾ ਜਾਣਾ ਚਾਹੀਦਾ ਹੈ। 31 ਅਕਤੂਬਰ, 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸਿੱਖ ਸੁਰੱਖਿਆ ਮੁਲਾਜ਼ਮਾਂ ਨੇ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਹਿੰਸਾ ਭੜਕ ਉਠੀ ਸੀ। ਪੂਰੇ ਭਾਰਤ ‘ਚ ਲਗਭਗ ਤਿੰਨ ਹਜ਼ਾਰ ਤੋਂ ਵੱਧ ਸਿੱਖ ਮਾਰੇ ਗਏ ਸਨ, ਜਿਨ੍ਹਾਂ ‘ਚ ਸਭ ਤੋਂ ਜ਼ਿਆਦਾ ਕਤਲ ਦਿੱਲੀ ‘ਚ ਹੋਏ ਸਨ। ਫ਼ਿਲਮ ’ਚ ਮੁੱਖ ਭੂਮਿਕਾ ਨਿਭਾਉਣ ਵਾਲੇ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਫ਼ਿਲਮ 1984 ’ਚ ਵਾਪਰੀਆਂ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਦਾ ਸਾਂਝਾ ਚਿੱਤਰਨ ਹੈ। 

Add a Comment

Your email address will not be published. Required fields are marked *