ਵਿਆਹ ਦੀ ਰਿਸੈਪਸ਼ਨ ’ਚ ਖਾਣੇ ਨਾਲ ਹੋਈ ਫੂਡ ਪੁਆਇਜ਼ਨਿੰਗ

ਜਲੰਧਰ – ਕੇਰਲ ਦੇ ਏਰਨਾਕੁਲਮ ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਨੇ ਇਕ ਖਪਤਕਾਰ ਨੂੰ ਵਿਆਹ ਦੀ ਰਿਸੈਪਸ਼ਨ ’ਚ ਪਰੋਸੇ ਗਏ ਜ਼ਹਿਰੀਲੇ ਖਾਣੇ ਨੂੰ ਖਾਣ ਤੋਂ ਬਾਅਦ ਹੋਈ ਫੂਡ ਪੁਆਇਜ਼ਨਿੰਗ ਦੇ ਮਾਮਲੇ ਵਿਚ ਸ਼ਿੰਕਜ਼ਾ ਕੱਸ ਦਿੱਤਾ ਹੈ। ਫੂਡ ਪੁਆਇਜ਼ਨਿੰਗ ਹੋਣ ‘ਤੇ ਕਮਿਸ਼ਨ ਨੇ ਮੈਸਰਸ ਸੇਂਟ ਮੈਰੀ ਕੈਟਰਿੰਗ ਨੂੰ 40,000 ਰੁਪਏ ਦਾ ਤੱਕ ਦਾ ਜੁਰਮਾਨਾ ਠੋਕਿਆ ਹੈ।

ਸ਼ਿਕਾਇਤਕਰਤਾ ਉਮੇਸ਼ ਵੀ. ਨੇ ਆਪਣੀ ਸ਼ਿਕਾਇਤ ’ਚ ਕਿਹਾ ਸੀ ਕਿ 5 ਮਈ 2019 ਨੂੰ ਉਹ ਚੋਰਾਕੁਝੀ ਦੇ ਸੇਂਟਰ ਸਟੀਫਨਸ ਚਰਚ ’ਚ ਇਕ ਵਿਆਹ ਸਮਾਰੋਹ ’ਚ ਪੁੱਜੇ ਸਨ। ਵਿਆਹ ਦਾ ਰਿਸੈਪਸ਼ਨ ਸਮਾਰੋਹ ਚਰਚ ਦੇ ਐਡੀਟੋਰੀਅਮ ਵਿਚ ਆਯੋਜਿਤ ਕੀਤਾ ਗਿਆ ਸੀ ਅਤੇ ਭੋਜਨ ਦੀ ਸਪਲਾਈ ਮੈਸਰਸ ਸੇਂਟ ਮੈਰੀ ਕੈਟਰਿੰਗ ਦੇ ਮਾਲਕ ਵਿਜਯਨ ਜਾਰਜ ਵਲੋਂ ਕੀਤੀ ਗਈ ਸੀ। ਭੋਜਨ ਖਾਣ ਤੋਂ ਬਾਅਦ ਉਨ੍ਹਾਂ ਦਾ ਢਿੱਡ ਖ਼ਰਾਬ ਹੋ ਗਿਆ ਅਤੇ ਉਨ੍ਹਾਂ ਨੂੰ ਵਾਰ-ਵਾਰ ਉਲਟੀਆਂ ਆਉਣ ਲੱਗੀਆਂ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਬਾਅਦ ਵਿਚ ਉਨ੍ਹਾਂ ਨੂੰ ਦਸਤ ਲੱਗਣ ਕਾਰਨ 3 ਦਿਨਾਂ ਤੱਕ ਹਸਪਤਾਲ ’ਚ ਦਾਖਲ ਰਹਿਣਾ ਪਿਆ। ਇਸ ਕਾਰਨ ਉਨ੍ਹਾਂ ਨੂੰ ਇਲਾਜ ’ਤੇ 11,845 ਰੁਪਏ ਖ਼ਰਚ ਕਰਨੇ ਪਏ। ਸ਼ਿਕਾਇਤਕਰਤਾ ਨੇ ਕਿਹਾ ਕਿ ਵਿਆਹ ’ਚ ਹਾਜ਼ਰ ਹੋਰ ਲੋਕ ਵੀ ਖਾਣਾ-ਖਾਣ ਤੋਂ ਬਾਅਦ ਉਲਟੀਆਂ ਅਤੇ ਦਸਤ ਤੋਂ ਪੀੜਤ ਹੋਏ ਸਨ। ਉਨ੍ਹਾਂ ਨੇ ਕਮਿਸ਼ਨ ਨੂੰ ਕੈਟਰਿੰਗ ਦੇ ਮਾਲਕ ਦੀ ਸੇਵਾ ਵਿਚ ਕਮੀ ਅਤੇ ਮਾਨਸਿਕ ਪ੍ਰੇਸ਼ਾਨੀ ਲਈ 50,000 ਰੁਪਏ ਦੇਣ ਦੀ ਮੰਗ ਕੀਤੀ ਸੀ।

ਖਪਤਕਾਰ ਵਿਵਾਦ ਹੱਲ ਕਮਿਸ਼ਨ ਦੇ ਮੁਖੀ ਡੀ. ਬੀ. ਬੀਨੂ, ਮੈਂਬਰ ਵੀ. ਰਾਮਚੰਦਰਨ ਅਤੇ ਸ਼੍ਰੀਵਿੱਦਿਆ ਟੀ. ਐੱਨ. ਦੀ ਬੈਂਚ ਨੇ ਸੁਣਵਾਈ ਦੌਰਾਨ ਪਾਇਆ ਕਿ ਕੈਟਰਰਸ ਦੀ ਲਾਪਰਵਾਹੀ ਕਾਰਨ ਸ਼ਿਕਾਇਤਕਰਤਾ ਨੂੰ ਕਾਫ਼ੀ ਅਸਹੂਲਤ, ਮਾਨਸਿਕ ਪ੍ਰੇਸ਼ਾਨੀ, ਔਖਿਆਈ ਅਤੇ ਵਿੱਤੀ ਨੁਕਸਾਨ ਉਠਾਉਣਾ ਪਿਆ। ਉਨ੍ਹਾਂ ਨੇ ਕਿਹਾ ਕਿ ਇਹ ਕੈਟਰਰਸ ਦੀ ਸੇਵਾ ’ਚ ਸਪੱਸ਼ਟ ਤੌਰ ’ਤੇ ਕਮੀ ਸੀ। ਕਮਿਸ਼ਨ ਨੇ ਮੈਸਰਸ ਸੇਂਟ ਮੈਰੀ ਕੈਟਰਿੰਗ ਨੂੰ ਮੁਆਵਜ਼ੇ ਵਜੋਂ 30,000 ਰੁਪਏ ਦੇਣ ਦੇ ਹੁਕਮ ਦਿੱਤੇ। ਕਮਿਸ਼ਨ ਨੇ ਕਿਹਾ ਕਿ ਇਸ ਤੋਂ ਇਲਾਵਾ ਖਪਤਕਾਰ ਨੂੰ ਮੁਕੱਦਮੇ ਦੇ ਖ਼ਰਚੇ ਲਈ 10,000 ਰੁਪਏ ਵੀ ਦੇਣੇ ਹੋਣਗੇ।

Add a Comment

Your email address will not be published. Required fields are marked *