ਫਿਲਿਪਸ ਦੀ ਹਮਲਾਵਰ ਬੱਲੇਬਾਜ਼ੀ, ਰੋਮਾਂਚਕ ਹੋਇਆ ਨਿਊਜ਼ੀਲੈਂਡ-ਬੰਗਲਾਦੇਸ਼ ਟੈਸਟ ਮੈਚ

ਮੀਰਪੁਰ – ਗਲੇਨ ਫਿਲਿਪਸ ਦੀ 72 ਗੇਂਦਾਂ ਵਿਚ 87 ਦੌੜਾਂ ਦੀ ਹਮਲਾਵਰ ਬੱਲੇਬਾਜ਼ੀ ਦੇ ਦਮ ’ਤੇ ਨਿਊਜ਼ੀਲੈਂਡ ਨੇ ਦੋ ਮੈਚਾਂ ਦੀ ਲੜੀ ਦੇ ਆਖਰੀ ਟੈਸਟ ਦੇ ਤੀਜੇ ਦਿਨ ਪਹਿਲੀ ਪਾਰੀ ਵਿਚ ਸ਼ੁੱਕਰਵਾਰ ਨੂੰ ਇੱਥੇ 8 ਦੌੜਾਂ ਦੀ ਮਾਮੂਲੀ ਬੜ੍ਹਤ ਲੈਣ ਤੋਂ ਬਾਅਦ ਦੂਜੀ ਪਾਰੀ ਵਿਚ ਬੰਗਲਾਦੇਸ਼ ਦੀਆਂ 2 ਵਿਕਟਾਂ ਲੈ ਕੇ ਮੁਕਾਬਲੇ ਨੂੰ ਰੋਮਾਂਚਕ ਬਣਾ ਦਿੱਤਾ।

ਮੀਂਹ ਪ੍ਰਭਾਵਿਤ ਇਸ ਮੈਚ ਵਿਚ ਬੰਗਲਾਦੇਸ਼ ਦੀਆਂ 172 ਦੌੜਾਂ ਦੇ ਜਵਾਬ ਵਿਚ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਚਾਹ ਦੀ ਬ੍ਰੇਕ ਤੋਂ ਠੀਕ ਪਹਿਲਾਂ 180 ਦੌੜਾਂ ’ਤੇ ਸਿਮਟ ਗਈ। ਖਰਾਬ ਰੌਸ਼ਨੀ ਕਾਰਨ ਦਿਨ ਦੀ ਖੇਡ ਨੂੰ ਜਲਦ ਰੋਕ ਦਿੱਤਾ ਗਿਆ। ਖੇਡ ਰੋਕੇ ਜਾਣ ਤਕ ਬੰਗਲਾਦੇਸ਼ ਨੇ ਦੂਜੀ ਪਾਰੀ ਵਿਚ 38 ਦੌੜਾਂ ’ਤੇ ਦੋ ਵਿਕਟਾਂ ਗੁਆ ਦਿੱਤੀਆਂ ਸਨ। ਬੰਗਲਾਦੇਸ਼ ਦੀ ਟੀਮ 30 ਦੌੜਾਂ ਨਾਲ ਅੱਗੇ ਹੈ ਤੇ ਉਸਦੀਆਂ 8 ਵਿਕਟਾਂ ਬਚੀਆਂ ਹਨ।

ਮੈਚ ਦਾ ਦੂਜਾ ਦਿਨ ਪੂਰੀ ਤਰ੍ਹਾਂ ਨਾਲ ਮੀਂਹ ਦੀ ਭੇਟ ਚੜ੍ਹ ਗਿਆ ਸੀ। ਨਿਊਜ਼ੀਲੈਂਡ ਨੇ ਤੀਜੇ ਦਿਨ ਦੀ ਸ਼ੁਰੂਆਤ 5 ਵਿਕਟਾਂ ’ਤੇ 55 ਦੌੜਾਂ ਤੋਂ ਕੀਤੀ ਸੀ। ਫਿਲਿਪਸ ਨੇ ਸੀਮਤ ਓਵਰਾਂ ਦੇ ਸਵਰੂਪ ਦੀ ਸ਼ੈਲੀ ਵਿਚ ਬੱਲੇਬਾਜ਼ੀ ਕਰਦੇ ਹੋਏ ਆਪਣੀ ਪਾਰੀ ਵਿਚ 4 ਚੌਕੇ ਤੇ ਇੰਨੇ ਹੀ ਛੱਕੇ ਲਗਾਏ। ਉਸ ਨੇ ਖਾਸ ਤੌਰ ’ਤੇ ਹਸਨ ਵਿਰੁੱਧ ਹਮਲਾਵਰ ਰੁਖ ਅਪਣਾਇਆ ਤੇ ਸ਼ੁਰੂਆਤੀ ਤਿੰਨ ਓਵਰਾਂ ਵਿਚ 3 ਚੌਕੇ ਤੇ 1 ਛੱਕਾ ਲਾ ਕੇ ਦਬਾਅ ਨੂੰ ਘੱਟ ਕੀਤਾ।

ਫਿਲਿਪਸ ਨੇ ਇਸ ਦੌਰਾਨ ਡੈਰਿਲ ਮਿਸ਼ੇਲ (18) ਨਾਲ 6ਵੀਂ ਵਿਕਟ ਲਈ 49 ਤੇ ਕਾਇਲ ਜੈਮੀਸਨ (20) ਦੇ ਨਾਲ 8ਵੀਂ ਵਿਕਟ ਲਈ 55 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮੁਸ਼ਕਿਲ ਸਥਿਤੀ ਵਿਚੋਂ ਬਾਹਰ ਕੱਢਿਆ। ਆਫ ਸਪਿਨਰ ਮੇਹਦੀ ਹਸਨ ਤੇ ਖੱਬੇ ਹੱਥ ਦੇ ਸਪਿਨਰ ਤਾਇਜੁਲ ਇਸਲਾਮ ਨੇ 3-3 ਵਿਕਟਾਂ ਲਈਆਂ।

ਨਿਊਜ਼ੀਲੈਂਡ ਨੂੰ ਦੂਜੀ ਪਾਰੀ ਵਿਚ ਖੱਬੇ ਹੱਥ ਦੇ ਸਪਿਨਰ ਏਜ਼ਾਜ਼ ਪਟੇਲ (13 ਦੌੜਾਂ ’ਤੇ 1 ਵਿਕਟ) ਨੇ ਪਹਿਲੇ ਓਵਰ ਵਿਚ ਹੀ ਮਹਿਮੂਦਉੱਲ੍ਹ ਹਸਨ (2 ਦੌੜਾਂ) ਨੂੰ ਆਊਟ ਕਰਕੇ ਚੰਗੀ ਸ਼ੁਰੂਆਤ ਦਿਵਾਈ। ਕਪਤਾਨ ਟਿਮ ਸਾਊਥੀ ਨੇ ਪਾਰੀ ਦੇ 8ਵੇਂ ਓਵਰ ਵਿਚ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹਸਨ ਸ਼ਾਂਟੋ (15 ਦੌੜਾਂ) ਨੂੰ ਕੇਨ ਵਿਲੀਅਮਸਨ ਦੇ ਹੱਥੋਂ ਕੈਚ ਕਰਵਾ ਕੇ ਬੰਗਲਾਦੇਸ਼ ਨੂੰ ਦੂਜੀ ਸਫਲਤਾ ਦਿਵਾਈ। ਇਸ ਓਵਰ ਤੋਂ ਬਾਅਦ ਖਰਾਬ ਰੌਸ਼ਨੀ ਕਾਰਨ ਦਿਨ ਦੀ ਖੇਡ ਰੋਕਣੀ ਪਈ। ਬੰਗਲਾਦੇਸ਼ ਨੇ ਦੋ ਟੈਸਟਾਂ ਦੀ ਲੜੀ ਦਾ ਪਹਿਲਾ ਮੈਚ 150 ਦੌੜਾਂ ਨਾਲ ਜਿੱਤਿਆ ਸੀ ਤੇ ਉਸ ਦੇ ਕੋਲ ਨਿਊਜ਼ੀਲੈਂਡ ਵਿਰੁੱਧ ਪਹਿਲੀ ਵਾਰ ਟੈਸਟ ਲੜੀ ਜਿੱਤ ਕੇ ਇਤਿਹਾਸ ਰਚਣ ਦਾ ਮੌਕਾ ਹੈ।

Add a Comment

Your email address will not be published. Required fields are marked *