ਭਾਜਪਾ ਨੇ 3 ਸੂਬਿਆਂ ਦੇ ਕੇਂਦਰੀ ਆਬਜ਼ਰਵਰਾਂ ਦਾ ਕੀਤਾ ਐਲਾਨ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਸ਼ੁੱਕਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਅਰਜੁਨ ਮੁੰਡਾ ਨੂੰ ਕ੍ਰਮਵਾਰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਪਾਰਟੀ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਕੇਂਦਰੀ ਆਬਜ਼ਰਵਰ ਨਿਯੁਕਤ ਕੀਤਾ। ਵਿਧਾਇਕ ਦਲ ਦੇ ਨਵੇਂ ਨੇਤਾ ਆਪਣੇ ਸੂਬੇ ਦੇ ਮੁੱਖ ਮੰਤਰੀ ਬਣਨਗੇ। ਤਿੰਨਾਂ ਸੂਬਿਆਂ ਵਿਚ ਵਿਧਾਇਕ ਦਲ ਦੀਆਂ ਮੀਟਿੰਗਾਂ ਇਸ ਹਫਤੇ ਦੇ ਅਖੀਰ ਵਿਚ ਹੋਣ ਦੀ ਸੰਭਾਵਨਾ ਹੈ। ਪਿਛਲੇ ਦਿਨੀਂ ਸੰਪੰਨ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਜਿੱਤ ਦਰਜ ਕੀਤੀ ਸੀ। ਪਾਰਟੀ ਨੇ ਇਨ੍ਹਾਂ ਚੋਣਾਂ ਵਿਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਸੀ। 

ਮੱਧ ਪ੍ਰਦੇਸ਼ ’ਚ ਜਿੱਥੇ ਭਾਜਪਾ ਨੇ ਦੋ ਤਿਹਾਈ ਬਹੁਮਤ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ, ਉੱਥੇ ਮੌਜੂਦਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਦਾਅਵਾ ਸਭ ਤੋਂ ਮਜ਼ਬੂਤ ​​ਮੰਨਿਆ ਜਾ ਰਿਹਾ ਹੈ। ਪਾਰਟੀ ਦੇ ਅੰਦਰ ਸੂਬੇ ਵਿਚ ਲੀਡਰਸ਼ਿਪ ਤਬਦੀਲੀ ਦੀ ਵੀ ਇਕ ਰਾਇ ਹੈ। ਸਾਲ 2018 ਦੀਆਂ ਵਿਧਾਨ ਸਭਾ ਚੋਣਾਂ 15 ਮਹੀਨਿਆਂ ਨੂੰ ਛੱਡ ਦਈਏ ਤਾਂ ਭਾਜਪਾ 18 ਸਾਲਾਂ ਤੋਂ ਰਾਜ ਵਿਚ ਸੱਤਾ ਵਿਚ ਹੈ। ਇਸ ਲਈ ਪਾਰਟੀ ਦੇ ਅੰਦਰ ਸੂਬੇ ਵਿਚ ਕਿਸੇ ਨਵੇਂ ਚਿਹਰੇ ’ਤੇ ਦਾਅ ਲਗਾਉਣ ਦਾ ਵਿਚਾਰ ਹੈ।

ਸੂਤਰਾਂ ਨੇ ਕਿਹਾ ਕਿ ਭਾਜਪਾ ਛੱਤੀਸਗੜ੍ਹ ਵਿਚ ਕਿਸੇ ਵੀ ਓ. ਬੀ. ਸੀ. ਜਾਂ ਕਬਾਇਲੀ ਆਗੂ ਨੂੰ ਵਾਗਡੋਰ ਸੌਂਪਣ ਬਾਰੇ ਵਿਚਾਰ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਲਤਾ ਉਸੇਂਡੀ, ਗੋਮਤੀ ਸਾਏ ਅਤੇ ਰੇਣੁਕਾ ਸਿੰਘ ਵਰਗੇ ਅਨੁਸੂਚਿਤ ਜਨਜਾਤੀ ਨੇਤਾ ਚੋਟੀ ਦੇ ਅਹੁਦੇ ਲਈ ਸੁਭਾਵਿਕ ਦਾਅਵੇਦਾਰ ਹਨ। ਸੂਬਾ ਪ੍ਰਧਾਨ ਅਰੁਣ ਸਾਓ ਅਤੇ ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਓ. ਪੀ. ਚੌਧਰੀ ਵੀ ਪੱਛੜੀਆਂ ਜਾਤਾਂ ਨਾਲ ਸਬੰਧਤ ਹਨ। ਪਾਰਟੀ ਅਜਿਹੇ ਸਮੇਂ ਵਿਚ ਘੱਟੋ-ਘੱਟ ਇਕ ਮਹਿਲਾ ਮੁੱਖ ਮੰਤਰੀ ਨੂੰ ਚੁਣਨਾ ਚਾਹੇਗੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਭਾਜਪਾ ਲਈ ਮਹਿਲਾ ਵੋਟਰਾਂ ਦੇ ਸਮਰਥਨ ਨੂੰ ਰੇਖਾਬੱਧ ਕਰ ਰਹੇ ਹਨ ਅਤੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦੀ ਲੋੜ ਬਾਰੇ ਅਕਸਰ ਗੱਲ ਕਰਦੇ ਰਹੇ ਹਨ। ਛੱਤੀਸਗੜ੍ਹ ਲਈ 3 ਆਬਜ਼ਰਵਰਾਂ ਵਿਚੋਂ 2 ਆਦਿਵਾਸੀ ਭਾਈਚਾਰੇ ਦੇ ਹਨ ਜਦਕਿ ਗੌਤਮ ਅਨੁਸੂਚਿਤ ਜਾਤੀ ਤੋਂ ਹਨ।

ਪਾਰਟੀ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਰਾਜਸਥਾਨ ਵਿਚ ਵਿਧਾਇਕ ਦਲ ਦੇ ਆਗੂ ਦੀ ਚੋਣ ਲਈ ਰਾਜਨਾਥ ਸਿੰਘ ਤੋਂ ਇਲਾਵਾ ਰਾਜ ਸਭਾ ਮੈਂਬਰ ਸਰੋਜ ਪਾਂਡੇ ਅਤੇ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਕੇਂਦਰੀ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਮਨੋਹਰ ਖੱਟੜ ਦੇ ਨਾਲ ਪਾਰਟੀ ਦੇ ਓ. ਬੀ. ਸੀ. ਫਰੰਟ ਦੇ ਮੁਖੀ ਕੇ. ਲਕਸ਼ਮਣ ਅਤੇ ਰਾਸ਼ਟਰੀ ਸਕੱਤਰ ਆਸ਼ਾ ਲਕੜਾ ਨੂੰ ਵੀ ਮੱਧ ਪ੍ਰਦੇਸ਼ ਦੇ ਆਬਜ਼ਰਵਰ ਚੁਣਿਆ ਗਿਆ ਹੈ। ਮੁੰਡਾ ਦੇ ਨਾਲ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਭਾਜਪਾ ਦੇ ਜਨਰਲ ਸਕੱਤਰ ਦੁਸ਼ਯੰਤ ਕੁਮਾਰ ਗੌਤਮ ਛੱਤੀਸਗੜ੍ਹ ਲਈ ਕੇਂਦਰੀ ਆਬਜ਼ਰਵਰ ਹੋਣਗੇ।’

Add a Comment

Your email address will not be published. Required fields are marked *