ਹਿਮਾਚਲ ’ਚ ਝੂਠੇ ਚੋਣ ਵਾਅਦੇ ਕਰ ਰਹੀ ਹੈ ਕਾਂਗਰਸ: ਜੈਰਾਮ ਠਾਕੁਰ

ਹਿਮਾਚਲ ਪ੍ਰਦੇਸ਼, 8 ਨਵੰਬਰ– : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਜ ਕਿਹਾ ਕਿ ਕਾਂਗਰਸ ਝੂਠੇ ਵਾਅਦੇ ਕਰ ਰਹੀ ਹੈ, ਪਰ ਲੋਕ ਗੁੰਮਰਾਹ ਨਹੀਂ ਹੋਣਗੇ ਤੇ ਭਾਜਪਾ ਸੂਬੇ ’ਚ ਮੁੜ ਸਰਕਾਰ ਬਣਾਏਗੀ। ਠਾਕੁਰ ਕਿੰਨੌਰ ’ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਵਿੱਚ ਹਰ ਪੰਜ ਸਾਲ ਬਾਅਦ ਸਰਕਾਰ ਬਦਲਣ ਦੀ ਰਵਾਇਤ ’ਤੇ ਟੇਕ ਰੱਖੀ ਹੋਈ ਹੈ, ਪਰ ਐਤਕੀਂ ਲੋਕਾਂ ਨੇ ਭਾਜਪਾ ਨੂੰ ਮੁੜ ਸੱਤਾ ’ਚ ਲਿਆਉਣ ਦਾ ਮਨ ਬਣਾ ਲਿਆ ਹੈ।

ਇਸ ਦੌਰਾਨ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਾਲਮਪੁਰ ਵਿੱਚ ਚੋਣ ਰੈਲੀ ਦੌਰਾਨ ਕਿਹਾ ਕਿ ਭਾਜਪਾ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਦਾ ਮਤਾ ਸਭ ਤੋਂ ਪਹਿਲਾਂ ਇਥੇ ਹੀ ਪਾਸ ਕੀਤਾ ਸੀ। ਉਨ੍ਹਾਂ ਕਿਹਾ ਕਿ ਮੰਦਿਰ ਦੀ ਉਸਾਰੀ ਦਾ ਅੱਧਾ ਕੰਮ ਹੋ ਚੁੱਕਾ ਹੈ ਤੇ 2023 ਦੇ ਅਖੀਰ ਤੱਕ ਨਿਰਮਾਣ ਕਾਰਜ ਪੂਰੇ ਹੋ ਜਾਣਗੇ। ਯੋਗੀ ਪਾਰਟੀ ਉਮੀਦਵਾਰ ਤ੍ਰਿਲੋਕ ਕਪੂਰ ਦੇੇ ਹੱਕ ’ਚ ਪ੍ਰਚਾਰ ਕਰ ਰਹੇ ਸਨ। ਯੂਪੀ ਦੇ ਮੁੱਖ ਮੰਤਰੀ ਨੇ ਮਗਰੋਂ ਅੰਨੀ ਹਲਕੇ ਤੋਂ ਭਾਜਪਾ ਉਮੀਦਵਾਰ ਲੋਕੇਂਦਰ ਕੁਮਾਰ ਲਈ ਵੀ ਚੋਣ ਪ੍ਰਚਾਰ ਕੀਤਾ। ਯੋਗੀ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਦੇ ਹਵਾਲੇ ਨਾਲ ਕਿਹਾ, ‘‘ਕਰੋਨਾ ਮਹਾਮਾਰੀ ਦੌਰਾਨ ਉਹ ਭਾਰਤ ਹੀ ਸੀ, ਜਿਸ ਨੇ ਦੇਸ਼ ਭਰ ਦੇ ਕਰੋੜਾਂ ਗਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਤੇ ਭਾਜਪਾ ਵਰਕਰਾਂ ਨੇ ਉਨ੍ਹਾਂ ਦੀ ਮਦਦ ਕੀਤੀ। ਉਦੋਂ ਕਾਂਗਰਸ ਦੀ ਭੈਣ-ਭਰਾ ਦੀ ਇਹ ਜੋੜੀ ਕਿੱਥੇ ਸੀ।’’ ਉਨ੍ਹਾਂ ਰਾਮ ਮੰਦਿਰ ਦੀ ਉਸਾਰੀ, ਧਾਰਾ 370 ਮਨਸੂਖ਼ ਕਰਨਾ ਤੇ ਸਰਜੀਕਲ ਹਮਲਿਆਂ ਨੂੰ ਇਤਿਹਾਸਕ ਫੈਸਲੇ ਕਰਾਰ ਦਿੱਤਾ।

ਉਧਰ ਬਿਲਾਸਪੁੁਰ ਵਿੱਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੋਣ ਰੈਲੀ ਦੌਰਾਨ ਭਾਜਪਾ ਦੇ ਪੰਜ ਸਾਲ ਦੇ ਕਾਰਜਕਾਲ ਦੀ ਤੁਲਨਾ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੇ 60 ਸਾਲਾਂ ਦੇ ਰਾਜ ਨਾਲ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪੱਲੜਾ ਭਾਰੀ ਹੈ। ਠਾਕੁਰ ਨੇ ਕਿਹਾ ਕਿ ਕਾਂਗਰਸ ਨੇ ਵਿਕਾਸ ਕੰਮਾਂ ਨੂੰ ਰੋਕਿਆ ਹੈ ਜਦੋਂਕਿ ਭਾਜਪਾ ਪਹਾੜੀ ਸੂਬੇ ’ਚ ਵਿਕਾਸ ਲੈ ਕੇ ਆਈ ਹੈ।

Add a Comment

Your email address will not be published. Required fields are marked *