ਚੀਨ ਨੇ ਬਣਾਈ ਦੁਨੀਆ ਦੀ ਸਭ ਤੋਂ ਡੂੰਘੀ ਅੰਡਰਗਰਾਊਂਡ ਲੈਬ

ਚੀਨ ਨੇ ਦੁਨੀਆ ਦੀ ਸਭ ਤੋਂ ਡੂੰਘੀ ਅਤੇ ਸਭ ਤੋਂ ਵੱਡੀ ਅੰਡਰਗਰਾਊਂਡ ਲੈਬ ਤਿਆਰ ਕੀਤੀ ਹੈ। ਚੀਨੀ ਵਿਗਿਆਨੀਆਂ ਨੇ ਇਸ ਲੈਬ ਵਿੱਚ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਨਿਊਜ਼ ਏਜੰਸੀ ਜ਼ਿੰਗਹੁਆ ਮੁਤਾਬਕ ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ‘ਚ 2400 ਮੀਟਰ ਡੂੰਘੀ ਲੈਬ ਤਿਆਰ ਕੀਤੀ ਗਈ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ ਲੈਬ ਕਈ ਅਜਿਹੇ ਰਾਜ਼ ਖੋਲ੍ਹੇਗੀ, ਜੋ ਵਿਗਿਆਨੀਆਂ ਦੀਆਂ ਨਜ਼ਰਾਂ ‘ਚ ਅਜੇ ਵੀ ਰਹੱਸ ਬਣੇ ਹੋਏ ਹਨ।

ਚੀਨ ਦੀ ਨਜ਼ਰ ਚੰਦਰਮਾ ‘ਤੇ ਵੀ ਹੈ। ਰੂਸ ਅਤੇ ਚੀਨ ਪਹਿਲਾਂ ਹੀ ਚੰਦਰਮਾ ‘ਤੇ ਆਪਣਾ ਅਧਾਰ ਬਣਾਉਣ ਦੀ ਗੱਲ ਕਹਿ ਚੁੱਕੇ ਹਨ। ਅਜਿਹੇ ‘ਚ ਸਵਾਲ ਇਹ ਹੈ ਕਿ ਚੀਨ ਨਵੀਂ ਲੈਬ ਨਾਲ ਕਿਹੜਾ ਕੰਮ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਇੰਨੀ ਡੂੰਘੀ ਲੈਬ ਬਣਾਉਣ ਦੀ ਲੋੜ ਕਿਉਂ ਪਈ।

ਰਿਪੋਰਟ ਮੁਤਾਬਕ ਗਹਿਰੀ ਹੋਣ ਤੋਂ ਇਲਾਵਾ ਲੈਬ ‘ਚ ਅਲਟਰਾ ਲੋਅ ਰੇਡੀਏਸ਼ਨ ਬੈਕਗਰਾਊਂਡ ਦੀ ਸਹੂਲਤ ਵੀ ਹੈ। ਚੀਨੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਡਾਰਕ ਮੈਟਰ ਲੰਬੇ ਸਮੇਂ ਤੋਂ ਰਹੱਸ ਬਣਿਆ ਹੋਇਆ ਹੈ। ਇਸ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਹੈ। ਨਵੀਂ ਲੈਬ ਡਾਰਕ ਮੈਟਰ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ‘ਚ ਮਦਦ ਕਰੇਗੀ। ਇਸ ਨੂੰ ਜਿਨਪਿੰਗ ਲੈਬ ਦਾ ਨਾਂ ਦਿੱਤਾ ਗਿਆ ਹੈ। ਡਾਰਕ ਮੈਟਰ ਕੀ ਹੈ। ਅਸਲ ‘ਚ ਇਸ ਨੂੰ ਦੇਖਿਆ ਨਹੀਂ ਜਾ ਸਕਦਾ। ਡਾਰਕ ਮੈਟਰ ਵਾਲੇ ਹਿੱਸੇ ਵਿੱਚ ਨਾ ਤਾਂ ਕੋਈ ਊਰਜਾ ਹੈ ਤੇ ਨਾ ਹੀ ਰੌਸ਼ਨੀ। ਇਸ ਲਈ ਇਸ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਹੁਣ ਚੀਨੀ ਵਿਗਿਆਨੀ ਇਸ ਨਾਲ ਜੁੜੇ ਸਵਾਲਾਂ ਦੇ ਜਵਾਬ ਲੱਭ ਕੇ ਇਤਿਹਾਸ ਰਚਣਾ ਚਾਹੁੰਦੇ ਹਨ। ਹਾਲਾਂਕਿ, ਇਹ ਇੰਨਾ ਆਸਾਨ ਨਹੀਂ ਹੈ ਪਰ ਉਨ੍ਹਾਂ ਦਾ ਦਾਅਵਾ ਹੈ ਕਿ ਚੀਨ ਵਿੱਚ ਇਸ ਨੂੰ ਖੋਜਣਾ ਦੁਨੀਆ ਦੇ ਹੋਰ ਹਿੱਸਿਆਂ ਨਾਲੋਂ ਥੋੜ੍ਹਾ ਆਸਾਨ ਹੈ।

ਚੀਨ ਵਿੱਚ ਇਸ ਅੰਡਰਗਰਾਊਂਡ ਲੈਬ ਦੇ ਪਹਿਲੇ ਪੜਾਅ ਦਾ ਕੰਮ 2010 ਵਿੱਚ ਪੂਰਾ ਹੋ ਗਿਆ ਸੀ ਪਰ ਹੁਣ ਇਸ ਨੂੰ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਗਿਆ ਹੈ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਡਾਰਕ ਮੈਟਰ ਨਾਲ ਜੁੜੇ ਸਵਾਲਾਂ ਦੇ ਜਵਾਬ ਜਾਣਨ ਲਈ ਇੰਨੀ ਡੂੰਘੀ ਲੈਬ ਕਿਉਂ ਪੁੱਟੀ ਗਈ ਹੈ। ਚੀਨੀ ਵਿਗਿਆਨੀਆਂ ਨੇ ਇਸ ਦਾ ਜਵਾਬ ਦਿੱਤਾ ਹੈ। ਚੀਨੀ ਨਿਊਜ਼ ਏਜੰਸੀ ਨੂੰ ਦਿੱਤੇ ਜਵਾਬ ਵਿੱਚ ਲੈਬ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਸੀਂ ਜਿੰਨੀ ਡੂੰਘਾਈ ਵਿੱਚ ਜਾਵਾਂਗੇ, ਓਨੀਆਂ ਹੀ ਬ੍ਰਹਿਮੰਡੀ ਕਿਰਨਾਂ ਨੂੰ ਰੋਕ ਸਕਾਂਗੇ। ਇਸ ਤਰ੍ਹਾਂ ਵਿਗਿਆਨੀਆਂ ਨੇ ਡੂੰਘਾਈ ‘ਤੇ ਬਣੀ ਲੈਬ ਨੂੰ ਡਾਰਕ ਮੈਟਰ ਦਾ ਪਤਾ ਲਗਾਉਣ ਲਈ ਸਭ ਤੋਂ ਵਧੀਆ ਮੰਨਿਆ ਹੈ। ਵਿਗਿਆਨੀਆਂ ਨੇ ਇਸ ਨੂੰ ਇਕ ਆਦਰਸ਼ ਅਲਟਰਾ ਕਲੀਨ ਜਗ੍ਹਾ ਦੱਸਿਆ ਹੈ।

Add a Comment

Your email address will not be published. Required fields are marked *