ਗਾਇਕ ਨਿਰਮਲ ਸਿੱਧੂ ਦਾ ਲੰਡਨ ‘ਚ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੱਲੋਂ ਵਿਸ਼ੇਸ਼ ਸਨਮਾਨ

ਲੰਡਨ : ਪੰਜਾਬੀ ਸੰਗੀਤ ਤੇ ਗਾਇਕੀ ਵਿਚ ਨਿਰਮਲ ਸਿੱਧੂ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਨਿਰਮਲ ਸਿੱਧੂ ਦੀ ਆਵਾਜ ਦੀਆਂ ਬਾਲੀਵੁੱਡ ਤੱਕ ਧੁੰਮਾਂ ਪੈਣ ਦਾ ਸਿਹਰਾ, ਉਨ੍ਹਾਂ ਦੇ ਵਗਦੇ ਪਾਣੀ ਵਰਗੇ ਸੁਭਾਅ ਤੇ ਬਿਜੜੇ ਵਾਂਗ ਕੀਤੀ ਮਿਹਨਤ ਨੂੰ ਜਾਂਦਾ ਹੈ। ਉਨ੍ਹਾਂ ਦੀਆਂ ਸੰਗੀਤਕ ਖੇਤਰ ਵਿਚ 40 ਸਾਲ ਦੀਆਂ ਨਿਰੰਤਰ ਸੇਵਾਵਾਂ ਨੂੰ ਦੇਖਦਿਆਂ ਬਰਤਾਨੀਆ ਦੇ ਹੁਣ ਤੱਕ ਦੇ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਵੈਸਟਮਿੰਸਟਰ ਪੈਲੇਸ ਲੰਡਨ ਸਥਿਤ ਹੋਏ ਸਮਾਗਮ ਦੌਰਾਨ ਤਨਮਨਜੀਤ ਸਿੰਘ ਢੇਸੀ ਨੇ ਨਿਰਮਲ ਸਿੱਧੂ ਤੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਇਸ ਸਮੇਂ ਬੋਲਦਿਆਂ ਤਨਮਨਜੀਤ ਸਿੰਘ ਢੇਸੀ, ਵੈਟਰਨ ਵਾਲੀਬਾਲ ਖਿਡਾਰੀ ਤੇ ਮੀਡੀਆ ਕਰਮੀ ਅਜੈਬ ਸਿੰਘ ਗਰਚਾ, ਵੇਟ ਲਿਫਟਿੰਗ ਗੋਲਡ ਮੈਡਲਿਸਟ ਗਿਆਨ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਨਿਰਮਲ ਸਿੱਧੂ ਦੀਆਂ ਪ੍ਰਾਪਤੀਆਂ, ਮਿਹਨਤ ਅਤੇ ਜਨੂੰਨ ਅੱਗੇ ਸਿਰ ਝੁਕਦਾ ਹੈ। ਉਨ੍ਹਾਂ ਵੱਲੋਂ ਸ਼ੁਹਰਤ ਦੀ ਬੁਲੰਦੀ ਹਾਸਲ ਕਰਨ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦੀ ਮੜਕ ਨੂੰ ਆਪਣੇ ਸੁਭਾਅ ਦਾ ਹਿੱਸਾ ਨਾ ਬਣਾਉਣਾ ਹੀ ਉਨ੍ਹਾਂ ਦੇ ਲੰਮੇ ਸਫਰ ਦੀ ਪੂੰਜੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਨਿਰਮਲ ਸਿੱਧੂ ਮਾਣ ਸਨਮਾਨਾਂ ਤੋਂ ਬਹੁਤ ਉੱਚੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਇਹ ਸਨਮਾਨ ਦੇ ਕੇ ਖੁਦ ਮਾਣਮੱਤੇ ਮਹਿਸੂਸ ਕਰ ਰਹੇ ਹਾਂ। ਇਸ ਸਮੇਂ ਨਵ ਸਿੱਧੂ, ਫਤਿਹ ਪਾਲ, ਸੋਨੂੰ ਬਾਜਵਾ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਨਿਰਮਲ ਸਿੱਧੂ ਨੂੰ ਸਨਮਾਨ ਦੀ ਵਧਾਈ ਪੇਸ਼ ਕੀਤੀ। ਸਮਾਗਮ ਦੇ ਅਖੀਰ ‘ਚ ਨਿਰਮਲ ਸਿੱਧੂ ਨੇ ਬੋਲਦਿਆਂ ਕਿਹਾ ਕਿ ਕਿਸੇ ਕਲਾਕਾਰ ਲਈ ਉਹ ਦਿਨ ਬੇਹੱਦ ਅਹਿਮ ਹੁੰਦਾ ਹੈ, ਜਦੋਂ ਉਸ ਦੇ ਆਪਣੇ ਭੈਣ ਭਰਾ ਉਸ ਨੂੰ ਹਿੱਕ ਨਾਲ ਲਾ ਕੇ ਸ਼ਾਬਾਸ਼ ਦੇਣ। ਮੈਂ ਭਾਗਸ਼ਾਲੀ ਹਾਂ ਕਿ ਮੈਨੂੰ ਜਿਉਂਦੇ ਜੀਅ ਇਹ ਪਲ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ।

Add a Comment

Your email address will not be published. Required fields are marked *