ਤਰਨਤਾਰਨ ‘ਚ ਨੌਜਵਾਨ ਨੇ ਮਾਸੀ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

ਤਰਨਤਾਰਨ – ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ਅਧੀਨ ਆਉਂਦੀ ਸਮਾਰਟ ਸਿਟੀ ਕਾਲੋਨੀ ਦੇ ਨਜ਼ਦੀਕ ਇਕ ਰਿਹਾਇਸ਼ੀ ਇਲਾਕੇ ’ਚ ਇਕ ਔਰਤ ਦਾ ਗੋਲ਼ੀਆਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ (35) ਪੁੱਤਰੀ ਮੁਖਤਾਰ ਸਿੰਘ ਨਿਵਾਸੀ ਤਰਨਤਾਰਨ ਦਾ ਉਸ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਗੋਲ਼ੀਆਂ ਮਾਰਦੇ ਹੋਏ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਾਰਦਾਤ ਨੂੰ ਅੰਜਾਮ ਔਰਤ ਦੀ ਭੈਣ ਦੇ ਮੁੰਡੇ ਵੱਲੋਂ ਦਿੱਤਾ ਗਿਆ ਹੈ। 

ਇਸ ਘਟਨਾ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਜਿਸ ਦੌਰਾਨ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਸਬ-ਇੰਸਪੈਕਟਰ ਬਲਜਿੰਦਰ ਸਿੰਘ ਬਾਜਵਾ ਤੁਰੰਤ ਮੌਕੇ ’ਤੇ ਪਹੁੰਚ ਗਏ ਪਰ ਥਾਣਾ ਸਦਰ ਤਰਨਤਾਰਨ ਦੀ ਪੁਲਸ ਵੱਲੋਂ ਮੌਕੇ ’ਤੇ ਲੇਟ ਪੁੱਜਣ ਕਰਕੇ ਕਨੂੰਨੀ ਕਾਰਵਾਈ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਦੇ ਆਧਾਰ ’ਤੇ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਅਰਸ਼ਦੀਪ ਕੌਰ ਵਾਸੀ ਸਮਾਰਟ ਸਿਟੀ ਕਾਲੋਨੀ ਨੇ ਦੱਸਿਆ ਕਿ ਉਹ ਆਪਣੀ ਭੂਆ ਕੁਲਵਿੰਦਰ ਕੌਰ  (35) ਦੇ ਨਾਲ ਰਹਿੰਦੀ ਹੈ। ਉਸ ਦੇ ਘਰ ਵਿਚ ਇਕ ਬਜ਼ੁਰਗ ਪਿਤਾ ਹੈ। ਬਾਹਰ ਦਿਨ ਵਾਂਗ ਪੁਲਸ ਲਾਈਨ ਗਰਾਊਂਡ ਵਿਚ ਗਈ ਹੋਈ ਸੀ। ਦੇਰ ਸ਼ਾਮ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਦੀ ਭੂਆ ਦੀ ਲਾਸ਼ ਰਸੋਈ ਵਿਚ ਪਈ ਹੋਈ ਸੀ। ਲਾਸ਼ ਵੇਖ ਕੇ ਪਤਾ ਲੱਗਦਾ ਹੈ ਕਿ ਉਕਤ ਔਰਤ ਦਾ ਗੋਲ਼ੀਆਂ ਮਾਰ ਕੇ ਕਤਲ ਕੀਤਾ ਗਿਆ ਹੈ। 
ਅਰਸ਼ਦੀਪ ਕੌਰ ਨੇ ਦੱਸਿਆ ਕਿ ਉਸ ਦੀ ਮਾਸੀ ਕੁਲਵਿੰਦਰ ਕੌਰ ਦੀ ਭੈਣ ਦੇ ਲੜਕੇ (ਭਣੇਵਾ) ਗੁਰਸ਼ੀਨਾਜ਼ ਸਿੰਘ ਉਰਫ਼ ਸਿਕੰਦਰ ਵਾਸੀ ਪੱਟੀ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਸਿਕੰਦਰ ਨੇ ਦੇਰ ਸ਼ਾਮ ਉਨ੍ਹਾਂ ਦੇ ਘਰ ਆ ਕੇ ਚਾਚੀ ਕੁਲਵਿੰਦਰ ਕੌਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੀੜਤ ਨੇ ਦੱਸਿਆ ਕਿ ਉਕਤ ਮੁਲਜ਼ਮ ਅਕਸਰ ਉਸ ਦੇ ਘਰ ਆਉਂਦਾ ਰਹਿੰਦਾ ਸੀ, ਜਿਸ ਨੇ ਉਸ ਨੂੰ ਮੌਕਾ ਦੇ ਕੇ ਪੂਰੀ ਯੋਜਨਾਬੰਦੀ ਨਾਲ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਉਧਰ ਡੀ. ਐੱਸ. ਪੀ. ਡੀ ਅਰੁਣ ਸ਼ਰਮਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਟੀਮ ਸਣੇ ਪੁਲਸ ਵੱਲੋਂ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ’ਚ ਲੈਂਦੇ ਹੋਏ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਥਾਣਾ ਸਦਰ ਤਰਨਤਾਰਨ ਦੇ ਮੁਖੀ ਹਰਿੰਦਰ ਸਿੰਘ ਦਾ ਮੋਬਾਈਲ ਫੋਨ ਬੰਦ ਹੋਣ ਕਰਕੇ ਪੁਲਸ ਨੂੰ ਪੁੱਜਣ ’ਚ ਕਾਫ਼ੀ ਜ਼ਿਆਦਾ ਦੇਰੀ ਹੋਈ ਹੈ, ਜਿਸ ਕਰਕੇ ਕਾਨੂੰਨੀ ਕਾਰਵਾਈ ਵੀ ਪ੍ਰਭਾਵਿਤ ਹੋਣ ਕਰਕੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ।

Add a Comment

Your email address will not be published. Required fields are marked *