ਅਚਾਨਕ ਉੱਡਦੇ ਜਹਾਜ਼ ਦੀ ਛੱਤ ‘ਚੋਂ ਟਪਕਣ ਲੱਗਾ ਪਾਣੀ

ਏਅਰ ਇੰਡੀਆ ਦੀ ਫਲਾਈਟ ‘ਚ ਆਏ ਦਿਨ ਔਰਤਾਂ ਦੇ ਨਾਲ ਬਦਸਲੂਕੀ ਅਤੇ ਗਾਲ੍ਹਾਂ ਕੱਢਣ ਵਰਗੇ ਮਾਮਲਿਆਂ ਨਾਲ ਜੁੜੀਆਂ ਕਈ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਵਿਚਕਾਰ ਏਅਰ ਇੰਡੀਆ ਇਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਜਹਾਜ਼ ਦੀ ਛੱਤ ‘ਚੋਂ ਪਾਣੀ ਟਪਕ ਰਿਹਾ ਹੈ। ਘਟਨਾ ਤੋਂ ਬਾਅਦ ਜਹਾਜ਼ ‘ਚ ਮੌਜੂਦ ਲੋਕ ਹੈਰਾਨ ਰਹਿ ਗਏ ਕਿ ਆਖਿਰ ਛੱਤ ‘ਚੋਂ ਪਾਣੀ ਕਿਉਂ ਟਪਕ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਏਅਰ ਇੰਡੀਆ ਦੀ ਸਰਵਿਸ ‘ਤੇ ਸਵਾਲ ਚੁੱਕ ਰਹੇ ਹਨ। 

ਦਰਅਸਲ, ਏਅਰ ਇੰਡੀਆ ਦੀ ਫਾਲਾਈਟ ਦੀ ਇਹ ਵੀਡੀਓ ਕਦੋਂ ਦੀ ਅਤੇ ਜਹਾਜ਼ ਨੇ ਕਿੱਥੇ ਲਈ ਉਡਾਣ ਭਰੀ ਸੀ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜਹਾਜ਼ ਯਾਤਰੀਆਂ ਨਾਲ ਭਰਿਆ ਹੋਇਆ ਹੈ ਅਤੇ ਉਸ ਵਿਚ ਕੁਝ ਯਾਤਰੀ ਸੋ ਰਹੇ ਹਨ। ਜਦੋਂ ਯਾਤਰੀਆਂ ਨੂੰ ਪਤਾ ਲੱਗਾ ਕਿ ਜਹਾਜ਼ ਦੀ ਛੱਤ ‘ਚੋਂ ਪਾਣੀ ਲੀਕ ਹੋ ਰਿਹਾ ਹੈ ਤਾਂ ਸਾਰੇ ਹੈਰਾਨ ਰਹਿ ਗਏ। ਫਿਲਹਾਲ ਪਾਣੀ ਲੀਕ ਹੋਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ। ਉਥੇ ਹੀ ਵੀਡੀਓ ‘ਚ ਏਅਰਲਾਈਨ ਦਾ ਕੋਈ ਵੀ ਕਰਮਚਾਰੀ ਨਜ਼ਰ ਨਹੀਂ ਆ ਰਿਹਾ।

ਹਾਲਾਂਕਿ, ‘ਜਗ ਬਾਣੀ’ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਵੀਡੀਓ ਸ਼ੇਅਰ ਕਰਨ ਵਾਲੇ ਯੂਜ਼ਰ ਦਾ ਦਾਅਵਾ ਹੈ ਕਿ ਇਹ ਘਟਨਾ ਏਅਰ ਇੰਡੀਆ ਦੀ ਫਲਾਈਟ ਦੀ ਸੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ @baldwhiner ਨਾਂ ਦੇ ਇਕ ਅਕਾਊਂਟ ਰਾਹੀਂ ਸ਼ੇਅਰ ਕੀਤਾ ਗਿਆ ਸੀ। ਯੂਜ਼ਰ ਨੇ ਕੈਪਸ਼ਨ ‘ਚ ਲਿਖਿਆ ਸੀ- ‘ਏਅਰ ਇੰਡੀਆ… ‘ਫਲਾਈ ਵਿਥ ਅਸ- ਇਹ ਕੋਈ ਯਾਤਰਾ ਨਹੀਂ ਹੈ… ਇਹ ਇਕ ਗੰਭੀਰ ਅਨੁਭਵ ਹੈ।’ ਵੀਡੀਓ ਦੇਖਣ ਤੋਂ ਬਾਅਦ ਕਈ ਯੂਜ਼ਰਜ਼ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ ਕਿ ਇਹ ਇਕ ਤਕਨੀਕੀ ਗੜਬੜੀ ਹੈ ਅਤੇ ਕਿਸੇ ਵੀ ਏਅਰਲਾਈਨ ਨਾਲ ਅਜਿਹਾ ਹੋ ਸਕਦਾ ਹੈ। ਉਥੇ ਹੀ ਲੋਕ ਏਅਰਲਾਈਨ ਦੀ ਦੇਖਭਾਲ ਅਤੇ ਸੇਵਾ ਕਰਮੀ ਤੋਂ ਨਾਰਾਜ਼ ਸਨ। ਫਿਲਹਾਲ ਏਅਰਲਾਈਨ ਵੱਲੋਂ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਆਈ।

Add a Comment

Your email address will not be published. Required fields are marked *